*ਅਫ਼ਗ਼ਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਕੈਪਟਨ ਅਮਰਿੰਦਰ ਨੇ ਮੋਦੀ ਸਰਕਾਰ ਨੂੰ ਕੀਤਾ ਖ਼ਬਰਦਾਰ*

0
99

ਨਵੀਂ ਦਿੱਲੀ (ਸਾਰਾ ਯਹਾਂ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਖ਼ਬਰਦਾਰ ਕੀਤਾ ਹੈ ਕਿ ਅਫ਼ਗ਼ਾਨਿਸਤਾਨ ਦੇ ਮੁੜ ਤਾਲਿਬਾਨੀ ਲੜਾਕਿਆਂ ਦੇ ਹੱਥ ਆਉਣਾ ਭਾਰਤ ਲਈ ਸ਼ੁਭ ਸੰਕੇਤ ਨਹੀਂ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਹੈ ਕਿ ਹਾਲਾਤ ਨੂੰ ਵੇਖਦਿਆਂ ਸਰਹੱਦਾਂ ‘ਤੇ ਚੌਕਸੀ ਵਧਾਉਣ ਦੀ ਲੋੜ ਹੈ।

ਮੁੱਖ ਮੰਤਰੀ ਨੇ ਟਵੀਟ ਕੀਤਾ, ‘‘ਅਫ਼ਗ਼ਾਨਿਸਤਾਨ ਦੇ ਤਾਲਿਬਾਨ ਦੇ ਹੱਥਾਂ ਵਿੱਚ ਜਾਣਾ ਸਾਡੇ ਮੁਲਕ ਲਈ ਸ਼ੁਭ ਸੰਕੇਤ ਨਹੀਂ। ਇਹ ਭਾਰਤ ਖਿਲਾਫ਼ ਚੀਨ-ਪਾਕਿ ਗੱਠਜੋੜ ਨੂੰ ਮਜ਼ਬੂਤ ਕਰੇਗਾ (ਕਿਉਂ ਜੋ ਚੀਨ, ਉਇਗਰ ਮਾਮਲੇ ਵਿੱਚ ਪਹਿਲਾਂ ਹੀ ਮਿਲੀਸ਼ੀਆ ਦੀ ਮਦਦ ਮੰਗ ਚੁੱਕਾ ਹੈ)। ਇਹ ਚੰਗੇ ਸੰਕੇਤ ਨਹੀਂ ਹਨ, ਤੇ ਸਾਨੂੰ ਆਪਣੀ ਸਾਰੀਆਂ ਸਰਹੱਦਾਂ ’ਤੇ ਵਧੇਰੇ ਚੌਕਸ ਰਹਿਣ ਦੀ ਲੋੜ ਹੈ।’

ਦੱਸ ਦਈਏ ਕਿ ਤਾਲਿਬਾਨ ਲੜਾਕਿਆਂ ਦੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਦਾਖ਼ਲ ਹੋਣ ਮਗਰੋਂ ਅਫ਼ਗ਼ਾਨ ਸਦਰ ਅਸ਼ਰਫ਼ ਗਨੀ ਮੁਲਕ ਛੱਡ ਕੇ ਭੱਜ ਗਏ ਹਨ। ਗਨੀ ਨੇ ਕਿਹਾ ਕਿ ਉਹ ਮੁਲਕ ਛੱਡ ਕੇ ਜਾ ਰਹੇ ਹਨ ਤਾਂ ਕਿ ਸ਼ਹਿਰ ਵਿੱਚ ਖ਼ੂਨ-ਖਰਾਬਾ ਨਾ ਹੋਵੇ। ਇਸ ਦੌਰਾਨ ਮੁਲਕ ਛੱਡਣ ਲਈ ਕਾਹਲੇ ਸੈਂਕੜੇ ਅਫ਼ਗ਼ਾਨ ਕਾਬੁਲ ਹਵਾਈ ਅੱਡੇ ’ਤੇ ਇਕੱਠੇ ਹੋ ਗਏ ਹਨ। ਉਧਰ ਤਾਲਿਬਾਨੀ ਲੜਾਕਿਆਂ ਨੇ ਕਾਬੁਲ ਵਿੱਚ ਰਾਸ਼ਟਰਪਤੀ ਪੈਲੇਸ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈਣ ਮਗਰੋਂ ਅਫ਼ਗ਼ਾਨਿਸਤਾਨ ਵਿੱਚ ਜੰਗ ਖ਼ਤਮ ਹੋਣ ਦਾ ਐਲਾਨ ਕਰ ਦਿੱਤਾ ਹੈ।

ਕਾਬਿਲੇਗੌਰ ਹੈ ਕਿ ਅਫ਼ਗ਼ਾਨ ਸਦਰ ਅਸ਼ਰਫ਼ ਗਨੀ ਐਤਵਾਰ ਨੂੰ ਇਸਲਾਮਿਕ ਦਹਿਸ਼ਤਗਰਦਾਂ ਦੇ ਸ਼ਹਿਰ ਵਿੱਚ ਦਾਖ਼ਲ ਹੋਣ ਮਗਰੋਂ ਮੁਲਕ ਛੱਡ ਕੇ ਭੱਜ ਗਏ ਸਨ। ਉਧਰ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਤਰਜਮਾਨ ਮੁਹੰਮਦ ਨਈਮ ਨੇ ਅਲ ਜਜ਼ੀਰਾ ਟੀਵੀ ਨੂੰ ਦੱਸਿਆ, ‘‘ਅੱਜ ਦਾ ਦਿਨ ਅਫ਼ਗ਼ਾਨ ਲੋਕਾਂ ਤੇ ਮੁਜਾਹੀਦੀਨ ਲਈ ਵੱਡਾ ਦਿਨ ਹੈ। ਉਨ੍ਹਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਤੇ ਪਿਛਲੇ 20 ਸਾਲਾਂ ਤੋਂ ਦਿੱਤੀਆਂ ਕੁਰਬਾਨੀਆਂ ਨੂੰ ਬੂਰ ਪਿਆ ਹੈ। ਅੱਲ੍ਹਾ ਦਾ ਸ਼ੁੱਕਰ ਕਰਦੇ ਹਾਂ, ਮੁਲਕ ਵਿੱਚ ਜੰਗ ਖ਼ਤਮ ਹੋ ਗਈ ਹੈ।’’

ਅਮਰੀਕੀ ਫੌਜ ਦੇ ਅਫ਼ਗ਼ਾਨਿਸਤਾਨ ਛੱਡਣ ਮਗਰੋਂ ਤਾਲਿਬਾਨ ਨੂੰ ਪੂਰੇ ਮੁਲਕ ਦਾ ਕੰਟਰੋਲ ਆਪਣੇ ਹੱਥਾਂ ’ਚ ਲੈਣ ਨੂੰ ਇਕ ਹਫ਼ਤੇ ਤੋਂ ਵੱਧ ਦਾ ਸਮਾਂ ਲੱਗਾ ਹੈ। ਅਲ ਜਜ਼ੀਰਾ ਵੱਲੋਂ ਵਿਖਾਈਆਂ ਤਸਵੀਰਾਂ ਵਿੱਚ ਤਾਲਿਬਾਨੀ ਕਮਾਂਡਰ ਰਾਸ਼ਟਰਪਤੀ ਪੈਲੇਸ ਵਿੱਚ ਵੇਖੇ ਜਾ ਸਕਦੇ ਹਨ। ਨਈਮ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਵਿੱਚ ਨਵੀਂ ਹਕੂਮਤ ਬਾਰੇ ਤਸਵੀਰ ਜਲਦੀ ਹੀ ਸਾਫ਼ ਹੋ ਜਾਵੇਗੀ। ਤਾਲਿਬਾਨ ਦੇ ਬੁਲਾਰੇ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਉਹ ਕੁੱਲ ਆਲਮ ਨਾਲੋਂ ਅਲਹਿਦਾ ਨਹੀਂ ਰਹਿਣਗੇ ਤੇ ਕੌਮਾਂਤਰੀ ਰਿਸ਼ਤਿਆਂ ਵਿੱਚ ਅਮਨ ਦੇ ਹਾਮੀ ਹਨ।

LEAVE A REPLY

Please enter your comment!
Please enter your name here