ਮਾਨਸਾ, 08 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ): : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਨਿਰਵਿਘਨ ਮਿਡ-ਡੇ-ਮੀਲ ਮੁਹੱਈਆ ਕਰਵਾਇਆ ਜਾ ਰਿਹਾ ਹੈ, ਤਾਂ ਜੋ ਇਨ੍ਹਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਸਕੂਲ ਵਿੱਚ ਹੀ ਆਪਣਾ ਦੁਪਹਿਰ ਦਾ ਖਾਣਾ ਖਾ ਸਕਣ। ਅਪ੍ਰੈਲ 2022 ਤੋਂ ਦਸੰਬਰ 2022 ਤੱਕ ਪੰਜਾਬ ਸਰਕਾਰ ਵੱਲੋਂ ਮਾਨਸਾ ਜ਼ਿਲ੍ਹੇ ਦੇ 496 ਸਕੂਲਾਂ ਨੂੰ 5,32,51,261/- ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ 496 ਸਕੂਲਾਂ, ਜਿਨ੍ਹਾਂ ਵਿੱਚ 294 ਪ੍ਰਾਇਮਰੀ ਅਤੇ 202 ਅੱਪਰ ਪ੍ਰਾਇਮਰੀ ਸਕੂਲ ਸ਼ਾਮਿਲ ਹਨ, ਵਿਚ ਮਿਡ-ਡੇ-ਮੀਲ ਨੂੰ ਨਿਰਵਿਘਨ ਜਾਰੀ ਰੱਖਣ ਲਈ ਫੰਡਾਂ ਅਤੇ ਅਨਾਜ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਮਿਡ-ਡੇ-ਮੀਲ ਸਕੀਮ ਬਹੁਤ ਸਫਲਤਾ ਪੂਰਵਕ ਚੱਲ ਰਹੀ ਹੈ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਇਸ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ। ਜ਼ਿਲ੍ਹੇ ਦੇ ਸਕੂਲਾਂ ਦੇ 57 ਹਜ਼ਾਰ ਤੋਂ ਵਧੇਰੇ ਵਿਦਿਆਰਥੀ ਇਸ ਮਿਡ-ਡੇ-ਮੀਲ ਸਕੀਮ ਦਾ ਲਾਹਾ ਲੈ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਡ-ਡੇ-ਮੀਲ ਸਕੀਮ ਅਧੀਨ ਅਨਾਜ ਸਾਫ-ਸੁਥਰਾ, ਤੋਲ ਪੂਰਾ, ਮਿੱਥੇ ਸਮੇਂ ਅੰਦਰ ਸਕੂਲਾਂ ਵਿੱਚ ਪਹੁਚਾਉਣ ਅਤੇ ਸਪਲਾਈ ਕੀਤੇ ਜਾਣ ਵਾਲੇ ਅਨਾਜ ਦੀਆਂ ਬੋਰੀਆਂ ’ਤੇ ਮਿਡ-ਡੇ-ਮੀਲ ਦੀ ਮੋਹਰ ਲਗਾਉਣੀ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਠੇਕੇਦਾਰਾਂ ਨੂੰ ਅਨਾਜ ਦੇਣ ਸਮੇਂ ਡਿਜੀਟਲ ਕੰਢਾ (ਭਾਰ ਤੋਲਕ) ਲੈਕੇ ਜਾਣ ਅਤੇ ਸਕੂਲਾਂ ਨੂੰ ਅਨਾਜ ਲੈਣ ਸਮੇਂ ਗੁਣਵੱਤਾ ਅਤੇ ਤੋਲ ਦਾ ਖਾਸ ਧਿਆਨ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਸ਼੍ਰੀਮਤੀ ਭੁਪਿੰਦਰ ਕੌਰ ਨੇ ਦੱਸਿਆ ਕਿ ਖਾਣਾ ਬਣਾਉਣ ਲਈ ਕੁੱਲ 1343 ਕੁੱਕ ਰੱਖੇ ਗਏ ਹਨ, ਜਿਨ੍ਹਾਂ ਵਿੱਚੋਂ 710 ਕੁੱਕ ਪ੍ਰਾਇਮਰੀ ਸਕੂਲਾਂ ਲਈ ਅਤੇ 633 ਕੁੱਕ ਅੱਪਰ ਪ੍ਰਾਇਮਰੀ ਸਕੂਲਾਂ ਲਈ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੁੱਕਾਂ ਨੂੰ ਅਪ੍ਰੈਲ 2022 ਤੋਂ ਮਹੀਨਾ ਨਵੰਬਰ 2022 ਤੱਕ ਦੀ ਤਨਖ਼ਾਹ ਦਿੱਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਅਪ੍ਰੈਲ 2022 ਤੋਂ ਹੁਣ ਤੱਕ ਪ੍ਰਾਇਮਰੀ ਸਕੂਲਾਂ ਨੂੰ 229.67 ਮੀਟਰਕ ਟਨ ਕਣਕ ਅਤੇ 220.21 ਮੀਟਰਕ ਟਨ ਚਾਵਲ ਮੁਹੱਈਆ ਕਰਵਾਏ ਜਾ ਚੁੱਕੇ ਹਨ। ਇਸੇ ਤਰ੍ਹਾਂ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ 246.17 ਮੀਟਰਕ ਟਨ ਕਣਕ ਅਤੇ 237.99 ਮੀਟਰਕ ਟਨ ਚਾਵਲ ਮੁਹੱਈਆ ਕਰਵਾਏ ਜਾ ਚੁੱਕੇ ਹਨ।