
ਚੰਡੀਗੜ, 5 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਰਾਜ ਕੁਮਰ ਵੇਰਕਾ ਨੇ ਅੱਜ ਏਥੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਹੇਠ ਹੁਣ ਤੱਕ 1.50 ਲੱਖ ਵਿਦਿਆਰਥੀਆਂ ਨੂੰ ‘ਫਰੀਸ਼ਿਪ ਕਾਰਡ’ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਸਕੀਮ ਦੇ ਹੇਠ ਅੱਗੇ ਹੋਰ ਵਿਦਿਆਰਥੀਆਂ ਦੇ ਅਪਲਾਈ ਕਰਨ ਵਾਸਤੇ ਪੋਰਟਲ ਖੁਲਾ ਰੱਖਿਆ ਜਾ ਰਿਹਾ ਹੈ।
ਡਾ. ਵੇਰਕਾ ਨੇ ਦੱਸਿਆ ਕਿ ਐਸ.ਸੀ. ਵਿਦਿਆਰਥੀਆਂ ਦੀਆਂ ਦਾਖਲੇ ਸਬੰਧੀ ਮੁਸ਼ਕਲਾਂ ਨੂੰ ਦੂਰ ਕਰਨ ਲਈ ‘ਫਰੀਸ਼ਿਪ ਕਾਰਡ’ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਦੇ ਹੇਠ ਵਿਦਿਆਰਥੀਆਂ ਦੇ ਕਾਰਡ ਬਣਨ ਪਿੱਛੋਂ ਉਹ ਪੋਸਟ ਮੈਟਰਿਕ ਸਕਾਲਰਸ਼ਿਪ ਹੇਠ ਕਿਸੇ ਵੀ ਵਿਦਿਅਕ ਅਦਾਰੇ ਵਿੱਚ ਦਾਖਲੇ ਲਈ ਯੋਗ ਹੋ ਜਾਂਦੇ ਹਨ। ਇਸ ਤੋਂ ਪਹਿਲਾਂ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਹੇਠ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਦਾਖਲੇ ਲਈ ਕਈ ਤਰਾਂ ਦੀਆਂ ਮੁਸ਼ਕਲਾਂ ਪੇਸ਼ ਆਉਦੀਆਂ ਸਨ। ਡਾ. ਵੇਰਕਾ ਅਨੁਸਾਰ ਇਸ ਵਿਲੱਖਣ ਸਕੀਮ ਦੇ ਨਾਲ ਵਿਦਿਆਰਥੀਆਂ ਨੂੰ ਦਰਪੇਸ਼ ਔਕੜਾਂ ਦਾ ਕਾਫੀ ਹੱਦ ਤੱਕ ਨਿਪਟਾਰਾ ਹੋ ਗਿਆ ਹੈ।
ਇਸ ਦੌਰਾਨ ਹੀ ਡਾ. ਵੇਰਕਾ ਦੀਆਂ ਹਦਾਇਤਾਂ ’ਤੇ ਸਮਾਜਿਕ ਨਿਆਂ ਵਿਭਾਗ ਨੇ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ (2021-22) ਵਾਸਤੇ ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ ਵੀ ਖੋਲ ਦਿੱਤਾ ਹੈ। ਵਿਦਿਅਕ ਅਦਾਰਿਆਂ ਨੂੰ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ੍ਰੇਣੀਆਂ ਦੇ ਯੋਗ ਵਿਦਿਆਰਥੀਆਂ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਕੇਸ ਤਿਆਰ ਕਰਕੇ 30 ਨਵੰਬਰ ਤੱਕ ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ ’ਤੇ ਭੇਜਣ ਲਈ ਕਿਹਾ ਗਿਆ ਹੈ। ਅਰਜ਼ੀਆਂ ਮਨਜ਼ੂਰ ਕਰਨ ਵਾਲੀ ਅਥਾਰਟੀ 10 ਦਸੰਬਰ ਤੱਕ ਇਹ ਪ੍ਰਸਤਾਵ ਸੈਂਕਸ਼ਨਿੰਗ ਅਥਾਰਟੀ ਨੂੰ ਭੇਜੇਗੀ, ਜਿਸ ਵਾਸਤੇ ਇਹ ਪ੍ਰਸਤਾਵ ਭਲਾਈ ਵਿਭਾਗ ਨੂੰ ਆਨ ਲਾਈਨ ਭੇਜਣ ਲਈ 15 ਦਸੰਬਰ ਨਿਰਧਾਰਤ ਕੀਤੀ ਗਈ ਹੈ।
———
