ਮਾਨਸਾ,26 ਜੁਲਾਈ(ਸਾਰਾ ਯਹਾਂ/ਚਨਾਂਦੀਪ ਔਲਖ):
ਪੰਜਾਬ ਸਰਕਾਰ ਵਲੋਂ ਪੋਸ਼ਣ ਅਭਿਆਨ ਤਹਿਤ ਕੁਪੋਸ਼ਣ ਅਤੇ ਅਨੀਮੀਆ ਦੇ ਖਾਤਮੇ ਲਈ 12 ਜੁਲਾਈ ਤੋਂ 12 ਅਗਸਤ, 2023 ਤੱਕ ‘ਅਨੀਮੀਆ ਮੁਕਤ ਪੰਜਾਬ’ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ਵਿੱਚ ਸਿਹਤ ਬਲਾਕ ਖਿਆਲਾ ਕਲਾਂ ਅਧੀਨ ਸਿਹਤ ਸੰਸਥਾਵਾਂ, ਸਬ ਸੈਂਟਰ ਤੇ ਹੈਲਥ ਐਂਡ ਵੈਲਨੈਸ ਸੈਂਟਰ ਪੱਧਰ ਉਤੇ ਮਮਤਾ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ ਅਤੇ ਖੂਨ ਦੀ ਜਾਂਚ (ਹੀਮੋਗਲੋਬਿਨ ਟੈਸਟ) ਕੀਤੀ ਗਈ। ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਨੇ ਦੱਸਿਆ ਬਲਾਕ ਖਿਆਲਾ ਕਲਾਂ ਅਧੀਨ ਪੋਸ਼ਣ ਅਭਿਆਨ ਅਤੇ ਅਨੀਮੀਆ ਮੁਕਤ ਪੰਜਾਬ ਮੁਹਿੰਮ ਤਹਿਤ ਗਰਭਵਤੀ ਔਰਤਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਛੋਟੀ ਉਮਰ ਦੀਆਂ ਲੜਕੀਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਅਨੀਮੀਆ (ਖੂਨ ਦੀ ਘਾਟ) ਤੋਂ ਨਿਜਾਤ ਦਿਵਾਉਣ ਲਈ ਆਇਰਨ-ਫੋਲਿਕ ਐਸਿਡ ਦੀ ਸਿਰਪ ਤੇ ਗੋਲੀਆਂ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਆਰਬੀਐਸਕੇ ਟੀਮਾਂ ਵਲੋਂ ਸਕੂਲ ਤੇ ਆਂਗਨਵਾੜੀ ਸੈਂਟਰ ਵਿਚ ਬੱਚਿਆਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਅਤੇ ਜਰੂਰਤਮੰਦ ਬੱਚਿਆਂ ਨੂੰ ਆਇਰਨ-ਫੋਲਿਕ ਐਸਿਡ ਦੀ ਖੁਰਾਕ ਦਿੱਤੀ ਜਾਵੇਗੀ। ਸਿਹਤ ਵਿਭਾਗ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਕੂਲ ਤੇ ਆਂਗਨਵਾੜੀ ਸੈਂਟਰਾਂ ਨਾਲ ਤਾਲਮੇਲ ਕਰਕੇ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਬਲਾਕ ਐਕਸਟੈਨਸ਼ਨ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਸਰੀਰ ਦੇ ਖ਼ੂਨ ਵਿਚ ਲਾਲ ਲਹੂ-ਕੋਸ਼ਾਣੂਆਂ (ਹੀਮੋਗਲੋਬਿਨ) ਦੀ ਗਿਣਤੀ ਆਮ ਨਾਲ਼ੋਂ ਘਟ ਜਾਣਾ ਅਨੀਮੀਆ ਬਿਮਾਰੀ ਹੈ। ਸਰੀਰ ਵਿਚ ਪੀਲ਼ਾਪਣ, ਸੋਜ, ਬੇਚੈਨੀ, ਘਬਰਾਹਟ ਅਤੇ ਸਾਹ ਫੁੱਲਣਾ, ਸਾਹ ਲੈਣ ਵਿਚ ਪ੍ਰੇਸ਼ਾਨੀ ਵਰਗੇ ਲੱਛਣ ਦਿਖਾਈ ਦੇਣ ਲਗਦੇ ਹਨ। ਜ਼ਿਆਦਾਤਰ ਬੱਚਿਆਂ ਵਿੱਚ ਪੋਸ਼ਣ ਦੀ ਕਮੀ ਅਤੇ ਪੇਟ ਵਿਚ ਕੀੜੇ ਹੋਣ ਕਾਰਨ ਵੀ ਸਰੀਰ ਵਿਚ ਖੂਨ ਦੀ ਕਮੀ ਹੋ ਸਕਦੀ ਹੈ। ਗਰਭਵਤੀ ਔਰਤਾਂ ਤੇ ਕਿਸ਼ੋਰ ਲੜਕੀਆਂ ਨੂੰ ਖੂਨ ਦੀ ਮਾਤਰਾ ਪੂਰੀ ਰੱਖਣ ਦੀ ਵਧੇਰੇ ਲੋੜ ਹੈ। ਉਨ੍ਹਾਂ ਪੋਸ਼ਟਿਕ ਖੁਰਾਕ ਜਿਵੇਂ ਕਿ ਹਰੀਆਂ-ਪੱਤੇਦਾਰ ਸਬਜ਼ੀਆਂ, ਫਲ, ਗੁੜ, ਚਨੇ, ਖੰਜੂਰ, ਦੁੱਧ, ਦਹੀ, ਘਰ ਦੇ ਬਣੇ ਖਾਣੇ ਦੇ ਫਾਇਦਿਆਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੁਖਵਿੰਦਰ ਕੌਰ, ਦਿਲਰਾਜ ਕੌਰ ਹਾਜ਼ਰ ਸਨ।