ਚੰਡੀਗੜ੍ਹ 23 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)
1990 ਬੈਚ ਦੇ ਆਈ.ਏ.ਐਸ. ਅਧਿਕਾਰੀ ਸ੍ਰੀ ਅਨਿਰੁੱਧ ਤਿਵਾੜੀ ਨੇ ਅੱਜ ਪੰਜਾਬ ਦੇ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ। ਉਨ੍ਹਾਂ ਨੇ ਸ੍ਰੀਮਤੀ ਵਿਨੀ ਮਹਾਜਨ ਦੀ ਥਾਂ ਨਵੇਂ ਮੁੱਖ ਸਕੱਤਰ ਵਜੋਂ ਕਾਰਜਭਾਰ ਸੰਭਾਲਿਆ ਹੈ ਜਿਨ੍ਹਾਂ ਨੂੰ ਹੁਣ ਵਿਸ਼ੇਸ਼ ਮੁੱਖ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ ਹੈ।
ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਆਦੇਸ਼ਾਂ ਅਨੁਸਾਰ ਉਹ ਪ੍ਰਸੋਨਲ ਅਤੇ ਵਿਜੀਲੈਂਸ ਦੇ ਪ੍ਰਮੁੱਖ ਸਕੱਤਰ ਤੋਂ ਇਲਾਵਾ ਵਿਕਾਸ ਦੇ ਵਿੱਤ ਕਮਿਸ਼ਨਰ ਅਤੇ ਫੂਡ ਪ੍ਰੋਸੈਸਿੰਗ, ਬਾਗਬਾਨੀ, ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਵੀ ਹੋਣਗੇ।
ਸ੍ਰੀ ਤਿਵਾੜੀ ਨੇ ਸੂਬੇ ਦੇ ਨਾਲ-ਨਾਲ ਕੇਂਦਰ ਸਰਕਾਰ ਵਿੱਚ ਵੀ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ ਹਨ। ਮੌਜੂਦਾ ਸਮੇਂ ਉਹ ਪੰਜਾਬ ਸਰਕਾਰ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪ੍ਰਸ਼ਾਸਨਿਕ ਸੁਧਾਰਾਂ ਦੇ ਵਧੀਕ ਮੁੱਖ ਸਕੱਤਰ (ਏਸੀਐਸ) ਵਜੋਂ ਸੇਵਾ ਨਿਭਾਅ ਰਹੇ ਸਨ। ਇਸ ਤੋਂ ਪਹਿਲਾਂ, ਉਹਨਾਂ ਨੇ ਬਿਜਲੀ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਦੇ ਵਧੀਕ ਮੁੱਖ ਸਕੱਤਰ ਅਤੇ ਬਿਜਲੀ, ਵਿੱਤ, ਯੋਜਨਾ, ਉਦਯੋਗ ਅਤੇ ਵਣਜ ਦੇ ਪ੍ਰਮੁੱਖ ਸਕੱਤਰ ਅਤੇ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ (ਇਨਵੈਸਟ ਪੰਜਾਬ) ਦੇ ਸੀਈਓ ਵਜੋਂ ਵੀ ਸ਼ਾਨਦਾਰ ਸੇਵਾ ਨਿਭਾਈ ਹੈ।
ਸ੍ਰੀ ਤਿਵਾੜੀ ਭਾਰਤ ਸਰਕਾਰ ਦੇ ਆਰਥਿਕ ਮਾਮਲਿਆਂ ਵਿਭਾਗ ਵਿੱਚ ਬਤੌਰ ਡਾਇਰੈਕਟਰ ਅਤੇ ਇੰਟਰਨੈਸ਼ਨਲ ਫੰਡ ਫਾਰ ਐਗਰੀਕਲਚਰਲ ਡਿਵੈਲਪਮੈਂਟ (ਆਈਐਫਏਡੀ) (ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ) ਲਈ ਕੰਟਰੀ ਕੋਆਰਡੀਨੇਟਰ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ। ਉਹਨਾਂ ਨੇ ਇਲੈਕਟ੍ਰੌਨਿਕਸ ਅਤੇ ਇਲੈਕਟ੍ਰੀਕਲ ਕਮਿਊਨੀਕੇਸ਼ਨਜ਼ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਅਤੇ ਪੰਜਾਬ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ। ਉਹਨਾਂ ਨੇ ਡਿਊਕ ਯੂਨੀਵਰਸਿਟੀ, ਡਰਹਮ, ਯੂ.ਐਸ.ਏ. ਤੋਂ ਇੰਟਰਨੈਸ਼ਨਲ ਡਿਵੈਲਪਮੈਂਟ ਪਾਲਿਸੀ ਵਿੱਚ ਵੀ ਮਾਸਟਰ ਡਿਗਰੀ ਹਾਸਲ ਕੀਤੀ ਹੈ।
ਸ੍ਰੀ ਤਿਵਾੜੀ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਸਕੱਤਰ ਤੋਂ ਇਲਾਵਾ ਫਿਰੋਜ਼ਪੁਰ ਦੇ ਏਡੀਸੀ ਸਮੇਤ ਅਬੋਹਰ ਤੇ ਸੰਗਰੂਰ ਦੇ ਐਸਡੀਐਮ ਵਜੋਂ ਵੀ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ।ਉਹਨਾਂ ਦਾ ਟਰੈਕ ਰਿਕਾਰਡ ਕਾਫ਼ੀ ਪ੍ਰਭਾਵਸ਼ਾਲੀ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ ਸਰਕਾਰ ਨੇ ਨਵੀਂ ਜਿੰਮੇਵਾਰੀ ਸੌਂਪੀ ਹੈ।
ਅਹੁਦਾ ਸੰਭਾਲਣ ਉਪਰੰਤ ਸੂਬੇ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ, ਸ੍ਰੀ ਤਿਵਾੜੀ ਨੇ ਕਿਹਾ ਕਿ ਉਹ ਵੱਖ-ਵੱਖ ਖੇਤਰਾਂ ਵਿੱਚ ਸਾਰੇ ਕਾਰਜਾਂ ਨੂੰ ਮੁਕੰਮਲ ਕਰਨ ਲਈ ਇੱਕ ਟੀਮ ਵਜੋਂ ਕੰਮ ਕਰਦੇ ਰਹਿਣਗੇ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਸਖ਼ਤ ਮਿਹਨਤ ਕਰਨਗੇ।
ਇੱਕ ਗੈਰ-ਰਸਮੀ ਮੀਟਿੰਗ ਵਿੱਚ ਪੰਜਾਬ ਆਈਏਐਸ ਆਫਿਸਰਜ਼ ਐਸੋਸੀਏਸ਼ਨ ਦੇ ਨਾਲ-ਨਾਲ ਹੋਰਨਾਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਵੀ ਨਵੇਂ ਮੁੱਖ ਸਕੱਤਰ ਦਾ ਅਹੁਦਾ ਸੰਭਾਲ਼ਣ ਮੌਕੇ ਸਵਾਗਤ ਕੀਤਾ। ਉਨ੍ਹਾਂ ਨੇ ਆਪਣੀ ਥਾਂ ਵਧੀਕ ਮੁੱਖ ਸਕੱਤਰ ਕਰ ਅਤੇ ਚੇਅਰਮੈਨ ਪੀਐਸਪੀਸੀਐਲ ਸ੍ਰੀ ਏ. ਵੇਣੂ ਪ੍ਰਸਾਦ ਨੂੰ ਪੰਜਾਬ ਆਈਏਐਸ ਆਫਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੌਂਪਣ ਦਾ ਐਲਾਨ ਕੀਤਾ।———