
ਫਰੀਦਕੋਟ/30 ਜੁਲਾਈ (ਸਾਰਾ ਯਹਾ,ਸੁਰਿੰਦਰ ਮਚਾਕੀ) : –ਪੰਜਾਬ ਦੇ ਨਿੱਜੀ ਹਸਪਤਾਲਾਂ ਵਿੱਚ ਕੰਮ ਕਰਦੇ ਨਰਸਾਂ , ਫਰਮਾਸਿਸਟ, ਐਕਸ ਰੇਅ ਤੇ ਲੈਬ ਟੈਕਨੀਸ਼ੀਅਨ, ਕਲਰਕ ਜਾਂ ਸਫ਼ਾਈ ਕਰਮਚਾਰੀ ਦੁਨੀਆਂ ਦੇ ਇਹੋ ਜਿਹੇ ਦੁੱਖਿਆਰੇ ਪ੍ਰਾਣੀ ਹਨ ਜਿੰਨ੍ਹਾਂ ਦੀ ਕਦੇ ਕਿਸੇ ਨੇ ਵੀ ਸਾਰ ਨਹੀਂ ਲਈ। ਇੰਨ੍ਹਾਂ ‘ਤੇ ਨਾ ਤਾਂ ਲੇਬਰ ਵਿਭਾਗ ਵਾਲੇ “ਘੱਟੋ ਘੱਟੋ ਉਜ਼ਰਤਾਂ” ਵਾਲੇ ਕਾਨੂੰਨ ਦੀ ਪਾਲਣਾ ਕਰਵਾਈ ਜਾਂਦੀ ਹੈ ਤੇ ਨਾ ਹੀ ਡੀ. ਸੀ. ਰੇਟ ਲਾਗੂ ਕਰਵਾਏ ਜਾਂਦੇ ਹਨ। ਹੋਰ ਤਾਂ ਲੇਬਰ ਵਿਭਾਗ ਵੱਲੋ ਇੰਨ੍ਹਾਂ ਦੀ ਰਜਿਸਟ੍ਰੇਸ਼ਨ ਤੱਕ ਵੀ ਨਹੀਂ ਕੀਤੀ ਜਾਂਦੀ ਜਿਥੋਂ ਇੰਨ੍ਹਾਂ ਦੀ ਸਹੀ ਗਿਣਤੀ ਅਤੇ ਸਮੱਸਿਆਵਾਂ ਦਾ ਪਤਾ ਲੱਗਾ ਸਕੇ। ਦੂਜੇ ਪਾਸੇ ਇੰਨ੍ਹਾਂ ਵਰਕਰਾਂ ਦੀ ਬਦੌਲਤ ਨਗਰਾਂ ਅਤੇ ਮਹਾਂਨਗਰਾਂ ਦੇ ਵੱਡੇ ਹਸਪਤਾਲ ਚਾਂਦੀ ਕੁੱਟ ਰਹੇ ਹਨ।
ਜ਼ਿਲਾ ਫ਼ਰੀਦਕੋਟ ਦੇ ਟਰੇਡ ਯੂਨੀਅਨ (ਏਟਕ) ਆਗੂ ਅਸ਼ੋਕ ਕੌਸ਼ਲ, ਹਰਪਾਲ ਮਚਾਕੀ, ਸੁਖਚਰਨ ਸਿੰਘ ਪੀਆਰਟੀਸੀ, ਪ੍ਰੇਮ ਚਾਵਲਾ ਅਤੇ ਸੁਰਿੰਦਰ ਮਚਾਕੀ ਨੇ ਪ੍ਰੈਸ ਬਿਆਨ ਰਾਹੀ ਇਹ ਜਾਣਕਾਰੀ ਸਾਂਝੀ ਕਰਦਿਆ ਪੰਜਾਬ ਸਰਕਾਰ ਤੋਂਂ ਮੰਗ ਕੀਤੀ ਹੈ ਕਿ ਲੇਬਰ ਕਾਨੂੰਨਾਂ ਅਨੁਸਾਰ ਨਿੱਜੀ ਹਸਪਤਾਲਾਂ ਦੇ ਮਾਲਕਾਂ/ਪ੍ਰਬੰਧਕਾਂ ਤੋਂਂ ਕਿਰਤ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਉਂਦੇ ਹੋਏ ਇੰਨ੍ਹਾਂ ਦੀਆਂ ਤਨਖਾਹਾਂ, ਛੁੱਟੀ ਅਤੇ ਕੰਮ ਦੇ ਘੰਟੇ ਨਿਸ਼ਚਿਤ ਕਰਵਾਏ । ਸਰਕਾਰੀ ਹਸਪਤਾਲਾਂ ਵਾਂਗੂੰ ਨਿੱਜੀ ਹਸਪਤਾਲਾਂ ਦੇ ਵਰਕਰਾਂ ਦਾ ਵੀ “ਕਰੋਨਾ ਯੋਧਿਆਂ” ਦੀ ਤਰ੍ਹਾਂ ਫ਼ੋਕਾ ਸਨਮਾਨ ਭਾਵੇਂ ਨਾ ਕੀਤਾ ਜਾਵੇ ਪਰ ਉਨ੍ਹਾਂ ਦੀ ਤਰਸਯੋਗ ਹਾਲਤ ਸੁਧਾਰਨ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ। ਟਰੇਡ ਯੂਨੀਅਨ ਆਗੂਆਂ ਨੇ “ਇੰਡੀਅਨ ਮੈਡੀਕਲ ਐਸੋਸੀਏਸ਼ਨ” ਨੂੰ ਵੀ ਅਪੀਲ ਕੀਤੀ ਹੈ ਕਿ ਇਸ ਨੇਕਦਿਲੀ ਦੇ ਕਾਰਜ ਵਿੱਚ ਉਹ ਵੀ ਇੰਨਾਂ ਦੀ ਮਦਦ ਕਰੇ ।
