ਅੰਮ੍ਰਿਤਸਰ 01,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਅਸਤੀਫਾ ਦੇ ਕੇ ਬੀਜੇਪੀ ਵਿੱਚ ਸ਼ਾਮਲ ਹੋਣ ਮਗਰੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਬੀਜੇਪੀ ਨੇ ਦਿੱਲੀ ਕਮੇਟੀ ਦੇ 11 ਮੈਂਬਰਾਂ ‘ਤੇ ਗਲਤ ਤਰੀਕੇ ਨਾਲ ਕੇਸ ਦਰਜ ਕਰਕੇ ਦਬਾਅ ਪਾਇਆ ਹੈ।
ਉਨ੍ਹਾਂ ਕਿਹਾ ਹੈ ਕਿ ਮਨਜਿੰਦਰ ਸਿਰਸਾ ਦੇ ਸਾਹਮਣੇ ਜੇਲ੍ਹ ਜਾਣ ਜਾਂ ਭਾਜਪਾ ‘ਚ ਸ਼ਾਮਲ ਹੋਣ ਦੀ ਤਜਵੀਜ਼ ਸੀ ਤੇ ਸਿਰਸਾ ਨੇ ਜੇਲ੍ਹ ਜਾਣ ਦੀ ਬਜਾਏ ਭਾਜਪਾ ‘ਚ ਜਾਣਾ ਠੀਕ ਸਮਝਿਆ। ਉਨ੍ਹਾਂ ਕਿਹਾ ਕਿ ਜਦੋਂ ਮੁਗਲ ਸਾਮਰਾਜ ਸੀ, ਉਦੋਂ ਵੀ ਸਿੱਖਾਂ ਅੱਗੇ ਅਜਿਹੀਆਂ ਤਜਵੀਜ਼ਾਂ ਰੱਖੀਆਂ ਗਈਆਂ ਸਨ ਕਿ ਧਰਮ ਜਾਂ ਜੀਵਨ ਵਿੱਚੋਂ ਇੱਕ ਦੀ ਚੋਣ ਕਰਨੀ ਹੈ ਤੇ ਅੱਜ ਵੀ ਅਜਿਹਾ ਹੀ ਹੋਇਆ ਹੈ।
ਉਨ੍ਹਾਂ ਕਿਹਾ ਹੈ ਕਿ ਹੋ ਸਕਦਾ ਹੈ ਕਿ ਕੱਲ੍ਹ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਭਾਜਪਾ ਆਪਣੇ ਹੱਥਾਂ ਵਿੱਚ ਲੈ ਲਵੇ ਪਰ ਇਸ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ, ਸਗੋਂ ਦਿੱਲੀ ਦੇ ਉਹ ਸਿੱਖਾਂ ਹੀ ਹਨ ਜਿਨ੍ਹਾਂ ਨੇ ਸਿਰਸਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਜ਼ਮੀਨ ਤਿਆਰ ਕੀਤੀ ਹੈ।
ਜਥੇਦਾਰ ਨੇ ਕਿਹਾ ਕਿ ਜਦ ਵਿਦੇਸ਼ੀ ਹੁਕਮਰਾਨ ਭਾਰਤ ਆਏ ਸਨ ਤਾਂ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜਾਂ ਤਾਂ ਤੁਸੀਂ ਧਰਮ ਚੁਣ ਲਓ ਜਾਂ ਫਿਰ ਕਰਮ ਦੀ ਚੋਣ ਕਰ ਲਵੋ। ਇਸੇ ਤਰ੍ਹਾਂ ਹੀ ਜਦ ਮੁਗ਼ਲ ਆਏ ਤਾਂ ਉਨ੍ਹਾਂ ਕਿਹਾ ਕਿ ਜਾਂ ਤਾਂ ਧਰਮ ਚੁਣੋ ਜਾਂ ਫਿਰ ਜ਼ਿੰਦਗੀ ਚੁਣ ਲਓ, ਜਿਨ੍ਹਾਂ ਨੇ ਜ਼ਿੰਦਗੀ ਚੁਣੀ, ਉਨ੍ਹਾਂ ਨੇ ਧਰਮ ਛੱਡ ਦਿੱਤਾ ਤੇ ਜਿਨ੍ਹਾਂ ਨੇ ਧਰਮ ਚੁਣਿਆ ਉਨ੍ਹਾਂ ਨੇ ਜ਼ਿੰਦਗੀ ਛੱਡ ਦਿੱਤੀ।