
(ਸਾਰਾ ਯਹਾਂ/ਬਿਊਰੋ ਨਿਊਜ਼ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਬਕਾ ਐਮ ਪੀ ਜਗਮੀਤ ਸਿੰਘ ਬਰਾੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਉਹਨਾਂ ਤੋਂ ਪਾਰਟੀ ਵਿਰੋਧੀ ਬਿਆਨਬਾਜ਼ੀ ਕਰਨ ਲਈ ਇਕ ਹਫਤੇ ਵਿਚ ਜਵਾਬ ਮੰਗਿਆ ਤੇ ਕਿਹਾ ਕਿ ਜੇਕਰ ਜਵਾਬ ਨਾ ਦਿੱਤਾ ਗਿਆ ਤਾਂ ਉਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਇਹ ਕਾਰਨ ਦੱਸੋ ਨੋਟਿਸ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਜਾਰੀ ਕੀਤਾ ਹੈ।
ਇਸ ਨੋਟਿਸ ਵਿਚ ਕਿਹਾ ਗਿਆ ਕਿ ਸਾਬਕਾ ਐਮ ਪੀ ਦੇ ਖਿਲਾਫ ਤਿੰਨ ਵਿਸ਼ੇਸ਼ ਸ਼ਿਕਾਇਤਾਂ ਆਈਆਂ ਹਨ। ਇਸ ਵਿਚ ਕਿਹਾ ਗਿਆ ਕਿ ਮੌੜ ਹਲਕੇ ਦੇ ਪਾਰਟੀ ਵਰਕਰਾਂ ਨੇ ਉਹਨਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ ਕਿ ਉਹਨਾਂ ਦੇ ਬੇਲੋੜੇ ਬਿਆਨਾਂ ਨਾਲ ਹਲਕੇ ਵਿਚ ਪਾਰਟੀ ਦੇ ਅਕਸ ਨੁੰ ਢਾਹ ਵੱਜੀ ਹੈ।
ਅਨੁਸ਼ਾਸਨੀ ਕਮੇਟੀ ਨੇ ਉਹਨਾਂ ਵੀਡੀਓ ਬਿਆਨਾਂ ਦਾ ਵੀ ਨੋਟਿਸ ਲਿਆ ਹੈ ਜੋ ਬਰਾੜ ਨੇ ਸੋਸ਼ਲ ਮੀਡੀਆ ਵਿਚ ਧੜੇਬੰਦੀ ਨੂੰ ਉਤਸ਼ਾਹਿਤ ਕਰਨ ਤੇ ਪਾਰਟੀ ਵਿਚ ਵੰਡੀਆਂ ਪਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਪੋਸਟ ਕੀਤੀ ਹੈ। ਇਸ ਤੋਂ ਇਲਾਵਾ ਪਾਰਟੀ ਨੇ ਜਗਮੀਤ ਸਿੰਘ ਬਰਾੜ ਵੱਲੋਂ 10 ਅਕਤੂਬਰ ਨੂੰ ਚੰਡੀਗੜ੍ਹ ਵਿਚ ਸੱਦੀ ਪ੍ਰੈਸ ਕਾਨਫਰੰਸ ਦਾ ਵੀ ਨੋਟਿਸ ਲਿਆ ਹੈ ਜਿਸ ਵਿਚ ਉਹਨਾਂ ਨੇ ਆਪਣੇ ਆਪ ਨੁੰ 21 ਮੈਂਬਰੀ ਤਾਲਮੇਲ ਕਮੇਟੀ ਦਾ ਕਨਵੀਨਰ ਨਿਯੁਕਤ ਕਰ ਲਿਆ ਹੈ ਹਾਲਾਂਕਿ ਇਸ ਵਾਸਤੇ ਪਾਰਟੀ ਨੇ ਉਹਨਾਂ ਨੁੰ ਅਧਿਕਾਰਤ ਨਹੀਂ ਕੀਤਾ ਸੀ।
ਅਨੁਸ਼ਾਸਨੀ ਕਮੇਟੀ ਨੇ ਬਰਾੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਸੀਨੀਅਰ ਆਗੂ ਹਨ ਜਿਸ ਨਾਅਤੇ ਉਹਨਾਂ ਨੂੰ ਸੰਜਮ ਵਰਤਣਾ ਚਾਹੀਦਾ ਸੀ ਤੇ ਪਾਰਟੀ ਦੇ ਅਧਿਕਾਰਤ ਪਲੈਟਫਾਰਮ ’ਤੇ ਹੀ ਆਪਣੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਸਨ ਨਾ ਕਿ ਇਹਨਾਂ ਨੂੰ ਜਨਤਕ ਕਰਨਾ ਚਾਹੀਦਾ ਸੀ।
