
ਲੁਧਿਆਣਾ 20 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਲੋਕ ਇਨਸਾਫ਼ ਪਾਰਟੀ (Lok insaaf PArty) ਦੇ ਮੁਖੀ ਸਿਮਰਜੀਤ ਬੈਂਸ (Simarjit Bains) ਖ਼ਿਲਾਫ਼ ਬੀਤੇ ਦਿਨ ਲੱਗੇ ਬਲਾਤਕਾਰ ਦੇ ਇਲਜ਼ਾਮਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਯੂਥ ਅਕਾਲੀ ਦਲ (Youth Akali Dal) ਵੱਲੋਂ ਬੈਂਸ ਦੇ ਦਫ਼ਤਰ ਦਾ ਘਿਰਾਓ ਕਰਨ ਦੀ ਯੋਜਨਾ ਬਣਾਈ ਗਈ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਅਕਾਲੀ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਦੱਸ ਦਈਏ ਕਿ ਇਸ ਮਾਮਲੇ ‘ਚ ਪੁਲਿਸ ਨੇ ਯੂਥ ਅਕਾਲੀ ਦਲ ਦੇ ਲਗਪਗ 25 ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਹਿਰਾਸਤ ‘ਚ ਲੈਣ ਤੋਂ ਪਹਿਲਾਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਨੇ ਕਿਹਾ ਕਿ ਪੁਲਿਸ ਲੋਕ ਇਨਸਾਫ ਪਾਰਟੀ ਦਾ ਸਾਥ ਦੇ ਰਹੀ ਹੈ ਤੇ ਉਸ ਖ਼ਿਲਾਫ਼ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਯੂਥ ਅਕਾਲੀ ਦਲ ਪੁਲਿਸ ਨੂੰ ਜਗਾਉਣ ਲਈ ਤੇ ਸਿਮਰਜੀਤ ਬੈਂਸ ਦੇ ਦਫ਼ਤਰ ਦਾ ਘਿਰਾਓ ਕਰਨ ਲਈ ਆਇਆ ਸੀ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਮਹਿਲਾ ਅਕਾਲੀ ਵਰਕਰਾਂ ਨੇ ਵੀ ਸਿਮਰਜੀਤ ਬੈਂਸ ਖਿਲਾਫ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਕਿਸੇ ਵੀ ਮਹਿਲਾ ਦੀ ਮਜਬੂਰੀ ਦਾ ਫਾਇਦਾ ਚੁੱਕਣਾ ਸਹੀ ਗੱਲ ਨਹੀਂ।
ਉਧਰ, ਦੂਜੇ ਪਾਸੇ ਲੁਧਿਆਣਾ ਪੁਲਿਸ ਵੱਲੋਂ ਪਹਿਲਾਂ ਹੀ ਇਸ ਸਬੰਧੀ ਤਿਆਰੀ ਕੀਤੀ ਹੋਈ ਸੀ, ਉਨ੍ਹਾਂ ਵੱਲੋਂ ਬੈਰੀਕੇਡਿੰਗ ਕਰਕੇ ਸਿਮਰਜੀਤ ਬੈਂਸ ਦੇ ਦਫ਼ਤਰ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਇਸ ਤੋਂ ਬਾਅਦ ਜਦੋਂ ਅਕਾਲੀ ਦਲ ਦੇ ਵਰਕਰ ਪ੍ਰਦਰਸ਼ਨ ਲਈ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਡੀਸੀਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ 25 ਦੇ ਕਰੀਬ ਅਕਾਲੀ ਦਲ ਦੇ ਵਰਕਰਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਕਿਉਂਕਿ ਉਨ੍ਹਾਂ ਵੱਲੋਂ 144, 188 ਧਾਰਾ ਦੀ ਉਲੰਘਣਾ ਕੀਤੀ ਗਈ ਸੀ। ਨਾਲ ਹੀ ਉਨ੍ਹਾਂ ਵੀ ਕਿਹਾ ਕਿ ਮਹਿਲਾ ਦੇ ਮਾਮਲੇ ਚ ਉਨ੍ਹਾਂ ਵੱਲੋਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ।
