
21,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਡੇਰਾ ਸਿਰਸਾ ਦੀ ਹਮਾਇਤ ਬਾਰੇ ਚਰਚਾ ਤੋਂ ਸੀਐਮ ਚਰਨਜੀਤ ਚੰਨੀ ਭੜਕੇ ਨਜ਼ਰ ਆਏ। ਮੁੱਖ ਮੰਤਰੀ ਚੰਨੀ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਆਪਸੀ ਭਾਈਵਾਲੀ ਖੁੱਲ੍ਹ ਕੇ ਬੇਪਰਦ ਹੋ ਗਈ ਹੈ ਜਿਨ੍ਹਾਂ ਡੇਰਾ ਸਿਰਸਾ ਤੋਂ ਹਮਾਇਤ ਲਈ ਹੈ।
ਉਨ੍ਹਾਂ ਕਿਹਾ ਕਿ ਬੇਅਦਬੀ ਦੇ ਜ਼ਖ਼ਮ ਅਜੇ ਭਰੇ ਨਹੀਂ ਹਨ ਪਰ ਇਹ ਪਾਰਟੀਆਂ ਮੁੜ ਡੇਰੇ ਕੋਲ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇਨ੍ਹਾਂ ਪਾਰਟੀਆਂ ਵਿਰੁੱਧ ਖੜ੍ਹਾ ਹੋਵੇਗਾ ਤੇ ਵੋਟ ਦੀ ਤਾਕਤ ਨਾਲ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਇਹ ਵੀ ਤਨਜ਼ ਕੀਤਾ ਕਿ ਬਰਾਤ ਜਿੰਨੀ ਮਰਜ਼ੀ ਵੱਡੀ ਹੋਵੇ, ਪਿੰਡ ਤੋਂ ਘੱਟ ਹੀ ਹੁੰਦੀ ਹੈ। ਚੰਨੀ ਨੇ ਕਿਹਾ ਕਿ ‘ਆਪ’ ਆਗੂ ਭਗਵੰਤ ਮਾਨ ਨੂੰ ਵੀ ਡੇਰਾ ਸਿਰਸਾ ਦੇ ਪੈਰੋਕਾਰਾਂ ਦੀਆਂ ਵੋਟਾਂ ਪੈ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੀ ਨਿਰਾਸ਼ਾ ਤੋਂ ਸਾਫ ਝਲਕ ਮਿਲ ਰਹੀ ਹੈ ਕਿ ਕਾਂਗਰਸ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਸੀਐਮ ਚੰਨੀ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਤੇ ਨਵਜੋਤ ਸਿੱਧੂ ਅੰਮ੍ਰਿਤਸਰ ਪੂਰਬੀ ਸੀਟ ਤੋਂ ਵੱਡੇ ਫਰਕ ਨਾਲ ਚੋਣ ਜਿੱਤ ਰਹੇ ਹਨ। ਚੰਨੀ ਨੇ ਇਹ ਵੀ ਕਿਹਾ ਕਿ ਦੌਲਤਮੰਦਾਂ ਦੇ ਹੱਥਾਂ ਤੋਂ ਨਿਕਲ ਕੇ ਤਾਕਤ ਗਰੀਬਾਂ ਦੇ ਹੱਥਾਂ ਵਿਚ ਆਏਗੀ
ਚਰਚਾ ਹੈ ਕਿ ਪੰਜਾਬ ਵਿੱਚ ਡੇਰਾ ਸਿਰਸਾ ਦੀ ਵੋਟ ਸਿਆਸੀ ਸਮੀਕਰਨ ਬਦਲੇਗੀ। ਡੇਰੇ ਦੀ ਵੋਟ ਨਾਲ ਮਾਲਵਾ ਦੀਆਂ 69 ਸੀਟਾਂ ‘ਤੇ ਸਿੱਧਾ ਅਸਰ ਪਏਗਾ। ਇਸ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਫਾਇਦਾ ਹੋਏਗਾ। ਚਰਚਾ ਹੈ ਕਿ ਐਨ ਆਖਰੀ ਮੌਕੇ ਉੱਪਰ ਡੇਰਾ ਸਿਰਸਾ ਨੇ ਪੰਥਕ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਲਵੇ ਦੀਆਂ ਕਈ ਸੀਟਾਂ ’ਤੇ ਸਮਰਥਨ ਦਿੱਤਾ ਹੈ।
ਸੂਤਰਾਂ ਮੁਤਾਬਕ ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਰਾਤੋ-ਰਾਤ ਆਪਣਾ ਫੈਸਲਾ ਬਦਲ ਲਿਆ ਤੇ ਲੰਬੀ, ਸਰਦੂਲਗੜ੍ਹ, ਜ਼ੀਰਾ, ਬਠਿੰਡਾ, ਗਿੱਦੜਬਾਹਾ, ਸੁਨਾਮ ਦੀਆਂ ਸੀਟਾਂ ‘ਤੇ ਡੇਰਾ ਸਮਰਥਕਾਂ ਨੂੰ ਅਕਾਲੀ ਦਲ ਦੇ ਉਮੀਦਵਾਰਾਂ ਦੇ ਸਮਰਥਨ ਦੇ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ।
