ਚੰਡੀਗੜ੍ਹ 10,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਸ਼੍ਰੋਮਣੀ ਅਕਾਲੀ ਦਲ ਨੇ ਚੰਨੀ ਸਰਕਾਰ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਅਕਾਲੀ ਦਲ ਨੇ ਕਿਹਾ ਹੈ ਕਿ ਚੰਨੀ ਸਰਕਾਰ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਪੁਲਿਸ ਵਿਭਾਗ ‘ਚ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਕਰ ਰਹੇ ਹਨ। ਅਹਿਮ ਗੱਲ ਹੈ ਕਿ ਇਹੀ ਦੋਸ਼ ਕੈਬਨਿਟ ਮੰਤਰੀ ਰਾਣਾ ਗੁਰਜੀਤ ਵੱਲੋਂ ਵੀ ਲਾਏ ਜਾ ਰਹੇ ਹਨ। ਅਜਿਹੇ ਵਿੱਚ ਚੰਨੀ ਸਰਕਾਰ ਕਸੂਤੀ ਘਿਰ ਗਈ ਹੈ।
ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਕਿ ਕੱਲ੍ਹ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਅੰਦਰ ਕਾਫੀ ਹੰਗਾਮਾ ਹੋਇਆ ਹੈ। ਮਜੀਠੀਆ ਨੇ ਕਿਹਾ ਕਿ ਚੰਨੀ ਸਰਕਾਰ ‘ਚ ਭ੍ਰਿਸ਼ਟਾਚਾਰ ਸਿਖਰਾਂ ‘ਤੇ ਹੈ। ਹਾਲਾਤ ਇਹ ਬਣ ਗਏ ਹਨ ਕਿ ਪੈਸੇ ਲੈ ਕੇ ਤਬਾਦਲਿਆਂ ਦੇ ਮੁੱਦੇ ਉੱਪਰ ਕੈਬਨਿਟ ਮੰਤਰੀ ਆਪਸ ਵਿੱਚ ਲੜ ਰਹੇ ਹਨ। ਸਰਹੱਦੀ ਸੂਬੇ ਵਿੱਚ ਅਜਿਹੀ ਸਥਿਤੀ ਬੇਹੱਦ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਐਸਐਸਪੀ, ਐਸਪੀ, ਡੀਐਸਪੀ, ਐਸਐਚਓ ਕਰੋੜਾਂ ਰੁਪਏ ਦੇ ਕੇ ਲੱਗ ਰਹੇ ਹਨ।
ਉਨ੍ਹਾਂ ਕਿਹਾ ਕਿ ਨਜਾਇਜ਼ ਸ਼ਰਾਬ ਦੇ ਕਾਰੋਬਾਰ ‘ਚ ਜਿਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਹਟਾਇਆ ਗਿਆ ਸੀ, ਉਨ੍ਹਾਂ ਨੂੰ ਪੈਸੇ ਲੈ ਕੇ ਵਾਪਸ ਤਾਇਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤਬਾਦਲੇ ਤੇ ਪੋਸਟਿੰਗ ਰੈਕੇਟ ਦੀ ਜਾਂਚ ਕਰੇ। ਅਕਾਲੀ ਦਲ ਇਸ ਸਬੰਧੀ ਰਾਜਪਾਲ ਨੂੰ ਮਿਲੇਗਾ ਤੇ ਚੋਣ ਜ਼ਾਬਤਾ ਲਾਗੂ ਹੁੰਦੇ ਹੀ ਇਨ੍ਹਾਂ ਅਧਿਕਾਰੀਆਂ ਨੂੰ ਹਟਾਉਣ ਦੀ ਅਪੀਲ ਕਰੇਗਾ।
ਦੱਸ ਦਈਏ ਕਿ ਪੰਜਾਬ ‘ਚੋਂ ਮਾਫੀਆ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਦਾਅਵਾ ਕਰਨ ਵਾਲੀ ਚੰਨੀ ਸਰਕਾਰ ਖੁਦ ਵੱਡੇ ਵਿਵਾਦ ‘ਚ ਘਿਰ ਗਈ ਹੈ। ਵੀਰਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਦੋ ਸੀਨੀਅਰ ਮੰਤਰੀ ਆਪਸ ਵਿੱਚ ਭਿੜ ਗਏ। ਇਹ ਟਕਰਾਅ ਪੈਸੇ ਲੈ ਕੇ ਪੰਜਾਬ ਵਿੱਚ ਐਸਐਸਪੀ ਤੇ ਡੀਐਸਪੀ ਦੀ ਤਾਇਨਾਤੀ ਦੇ ਦੋਸ਼ਾਂ ਨੂੰ ਲੈ ਕੇ ਹੋਇਆ। ਇਸ ਨਾਲ ਪੰਜਾਬ ਕਾਂਗਰਸ ਦਾ ਕਲੇਸ਼ ਹੋ ਵਧ ਗਿਆ ਹੈ
ਅਹਿਮ ਗੱਲ ਹੈ ਕਿ ਜਿਸ ਸਮੇਂ ਦੋਵੇਂ ਮੰਤਰੀ ਆਪਸ ਵਿੱਚ ਭਿੜ ਰਹੇ ਸੀ, ਉਸ ਸਮੇਂ ਸੀਐਮ ਚਰਨਜੀਤ ਚੰਨੀ ਵੀ ਉੱਥੇ ਮੌਜੂਦ ਸੀ। ਉਨ੍ਹਾਂ ਦਖਲ ਦੇ ਕੇ ਮਾਹੌਲ ਨੂੰ ਸ਼ਾਂਤ ਕੀਤਾ। ਹਾਲਾਂਕਿ ਖੁੱਲ੍ਹੇ ਹਾਲ ਵਿੱਚ ਮੰਤਰੀਆਂ ਦੀ ਆਵਾਜ਼ ਇੰਨੀ ਉੱਚੀ ਸੀ ਕਿ ਪੰਜਾਬ ਭਵਨ ਵਿੱਚ ਸੁਣੀ ਜਾ ਸਕਦੀ ਸੀ। ਇਸ ਤੋਂ ਬਾਅਦ ਹਾਲ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਹੁਣ ਤੱਕ ਇਹ ਦੋਸ਼ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਤੇ ਲਾਏ ਜਾ ਰਹੇ ਸੀ ਪਰ ਹੁਣ ਚੰਨੀ ਸਰਕਾਰ ਵੀ ਇਸ ਵਿਵਾਦ ‘ਚ ਘਿਰ ਗਈ ਹੈ।