
ਬਰਨਾਲਾ: 08,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਅਕਸ਼ੈ ਕੁਮਾਰ ਦੀ ਫ਼ਿਲਮ ‘ਸੂਰਿਆਵੰਸ਼ੀ’ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਅੱਜ ਬਰਨਾਲਾ ਦੇ ਓਸ਼ੀਅਨ ਮਾਲ ਦੇ ਮੁੱਖ ਗੇਟ ਨੂੰ ਤਾਲਾ ਲਾ ਕੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਦੋ ਦਿਨ ਪਹਿਲਾਂ ਵੀ ਇਸ ਮਾਲ ਦਾ ਘਿਰਾਓ ਕਰਕੇ ਫ਼ਿਲਮ ਰੁਕਵਾਈ ਸੀ ਪਰ ਕਿਸਾਨਾਂ ਨਾਲ ਵਾਅਦਾਖਿਲਾਫ਼ੀ ਕਰਕੇ ਫਿਲਮ ਨੂੰ ਦੁਬਾਰਾ ਲਾ ਦਿੱਤਾ ਗਿਆ। ਇਸ ਕਰਕੇ ਕਿਸਾਨਾਂ ਵਿੱਚ ਕਾਫ਼ੀ ਜ਼ਿਆਦਾ ਰੋਸ ਪਾਇਆ ਗਿਆ।
ਅੱਜ ਦੁਬਾਰਾ ਫੇਰ ਭਾਰਤੀ ਕਿਸਾਨ ਯੂਨੀਅਨ ਏਕਤਾ ਕਾਦੀਆਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਸਿਨੇਮਾ ਘਰ ਦੇ ਮੁੱਖ ਗੇਟ ਨੂੰ ਤਾਲਾ ਲਾ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਛੇ ਨਵੰਬਰ ਨੂੰ ਅਕਸ਼ੇ ਕੁਮਾਰ ਦੀ ਫ਼ਿਲਮ ਨੂੰ ਬਰਨਾਲਾ ਦੇ ਓਸ਼ੀਅਨ ਮਾਲ ਵਿੱਚ ਲੱਗਣ ਤੋਂ ਰੋਕ ਦਿੱਤਾ ਗਿਆ ਸੀ। ਸਿਨੇਮਾਘਰ ਦੇ ਪ੍ਰਬੰਧਕਾਂ ਨੇ ਵੀ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਫ਼ਿਲਮ ਨਹੀਂ ਲਗਾਈ ਜਾਵੇਗੀ ਪਰ ਉਨ੍ਹਾਂ ਨੇ ਦੋ ਦਿਨ ਬਾਅਦ ਵਾਅਦਾ ਖਿਲਾਫ਼ੀ ਕਰਕੇ ਅੱਜ ਫਿਲਮ ਦੁਬਾਰਾ ਲਗਾ ਦਿੱਤੀ ਹੈ।
ਇਸ ਕਰਕੇ ਕਿਸਾਨਾਂ ਵਿੱਚ ਰੋਸ ਪਾਇਆ ਗਿਆ ਤੇ ਜਦ ਪਤਾ ਲੱਗਿਆ ਕਿ ਫ਼ਿਲਮ ਲਗਾਈ ਗਈ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਤੋਂ ਬਾਅਦ ਦੁਬਾਰਾ ਫਿਲਮ ਲਗਾਈ ਗਈ ਤਾਂ ਸਿਨਮਾ ਘਰ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
