*NHAI ਅਫਸਰਾਂ ‘ਤੇ ਹਮਲੇ ਨੂੰ ਲੈ ਕੇ ਕੇਂਦਰੀ ਮੰਤਰੀ ਗਡਕਰੀ ਨੇ CM ਮਾਨ ਨੂੰ ਲਿਖਿਆ ਪੱਤਰ, ਕਿਹਾ- ਕਾਰਵਾਈ ਕਰੋ, ਨਹੀਂ ਤਾਂ ਬੰਦ ਕਰ ਦਿਆਂਗੇ ਪ੍ਰੋਜੈਕਟ*

0
164

10 ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼)ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਹੋਰ ਵਾਪਰਨ ਤੋਂ ਰੋਕਣ ਅਤੇ ਐਨ.ਐਚ.ਏ.ਆਈ ਦੇ ਅਧਿਕਾਰੀਆਂ ਦਾ ਭਰੋਸਾ ਬਹਾਲ ਕਰਨ ਲਈ ਦੋਸ਼ੀਆਂ ਖਿਲਾਫ ਤੁਰੰਤ ਕੇਸ ਦਰਜ ਕਰਕੇ ਕਾਰਵਾਈ ਕਰੇ, ਤਾਂ ਜੋ ਪੰਜਾਬ ਸਰਕਾਰ ਵਿੱਚ ਵਿਸ਼ਵਾਸ਼ ਬਹਾਲ ਹੋ ਸਕੇ।

ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਗਡਕਰੀ ਨੇ ਰਾਜ ਸਰਕਾਰ ਵੱਲੋਂ NHAI ਅਧਿਕਾਰੀਆਂ ਤੇ ਠੇਕੇਦਾਰਾਂ ਦੀ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮਾਂ ‘ਤੇ ਸਵਾਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ 14,288 ਕਰੋੜ ਰੁਪਏ ਦੇ 293 ਕਿਲੋਮੀਟਰ ਦੇ ਪ੍ਰਾਜੈਕਟ ਨੂੰ ਬੰਦ ਕਰਨਾ ਪਵੇਗਾ।

ਗਡਕਰੀ ਨੇ ਕਿਹਾ ਕਿ ਮੈਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਪ੍ਰਾਜੈਕਟ ‘ਤੇ ਹਾਲ ਹੀ ‘ਚ ਹੋਈਆਂ ਦੋ ਘਟਨਾਵਾਂ ਬਾਰੇ ਪਤਾ ਲੱਗਾ ਹੈ। ਜਲੰਧਰ ਜ਼ਿਲੇ ‘ਚ ਇੱਕ ਠੇਕੇਦਾਰ ਦੇ ਇੰਜੀਨੀਅਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਮੈਂ ਇਸਦੀ ਤਸਵੀਰ ਵੀ ਭੇਜ ਰਿਹਾ ਹਾਂ। ਹਾਲਾਂਕਿ ਇਸ ਘਟਨਾ ਦੇ ਸਬੰਧ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਹੈ, ਪਰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਗਈ।

ਪੱਤਰ ਵਿੱਚ ਦੂਜੀ ਘਟਨਾ ਦਾ ਜ਼ਿਕਰ ਕਰਦਿਆਂ ਗਡਕਰੀ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਦਿੱਲੀ-ਕਟੜਾ ਐਕਸਪ੍ਰੈਸਵੇਅ ਪ੍ਰਾਜੈਕਟ ਦੇ ਠੇਕੇਦਾਰ ਦੇ ਡੇਰੇ ’ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਡੇਰੇ ਅੰਦਰ ਇੰਜੀਨੀਅਰਾਂ ਤੇ ਮੁਲਾਜ਼ਮਾਂ ਨੂੰ ਜ਼ਿੰਦਾ ਸਾੜਨ ਦੀ ਧਮਕੀ ਵੀ ਦਿੱਤੀ। NHAI ਅਧਿਕਾਰੀਆਂ ਵੱਲੋਂ ਲਿਖਤੀ ਸ਼ਿਕਾਇਤ ਦੇ ਬਾਵਜੂਦ ਅਜੇ ਤੱਕ ਕੇਸ ਦਰਜ ਨਹੀਂ ਕੀਤਾ ਗਿਆ। ਨਾ ਹੀ ਬਦਮਾਸ਼ ਫੜੇ ਗਏ ਹਨ।

ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਹੋਰ ਵਾਪਰਨ ਤੋਂ ਰੋਕਣ ਅਤੇ ਐਨ.ਐਚ.ਏ.ਆਈ ਦੇ ਅਧਿਕਾਰੀਆਂ ਦਾ ਭਰੋਸਾ ਬਹਾਲ ਕਰਨ ਲਈ ਦੋਸ਼ੀਆਂ ਖਿਲਾਫ ਤੁਰੰਤ ਕੇਸ ਦਰਜ ਕਰਕੇ ਕਾਰਵਾਈ ਕਰੇ, ਤਾਂ ਜੋ ਪੰਜਾਬ ਸਰਕਾਰ ਵਿੱਚ ਵਿਸ਼ਵਾਸ਼ ਬਹਾਲ ਹੋ ਸਕੇ।

ਗਡਕਰੀ ਮੁਤਾਬਕ, ਉਨ੍ਹਾਂ ਦੇ ਧਿਆਨ ‘ਚ ਆਇਆ ਹੈ ਕਿ ਸਥਿਤੀ ਵਿਗੜਦੀ ਜਾ ਰਹੀ ਹੈ। ਕੋਈ ਕਾਰਵਾਈ ਨਹੀਂ ਕੀਤੀ ਗਈ। ਅਜਿਹੇ ‘ਚ ਕਈ ਠੇਕੇਦਾਰ ਕੰਮ ਕਰਨ ਤੋਂ ਇਨਕਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਵਿੱਚ 3263 ਕਰੋੜ ਰੁਪਏ ਦੇ 104 ਕਿਲੋਮੀਟਰ ਲੰਬੇ ਪ੍ਰਾਜੈਕਟ ਬੰਦ ਹੋਏ  ਸਨ। ਜੇਕਰ ਫਿਰ ਵੀ ਕੋਈ ਕਾਰਵਾਈ ਨਾ ਹੋਈ ਤਾਂ 14288 ਕਰੋੜ ਰੁਪਏ ਦੇ 293 ਕਿਲੋਮੀਟਰ ਦੇ ਪ੍ਰਾਜੈਕਟ ਬੰਦ ਕਰਨੇ ਪੈਣਗੇ। 

ਆਈਜੀ ਪੁਲਿਸ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ ਹੈ। ਸੀਐਮ ਮਾਮਲੇ ਦੀ ਸਮੀਖਿਆ ਕਰ ਰਹੇ ਹਨ। ਅਸੀਂ ਇਸ ਮਾਮਲੇ ਵਿੱਚ ਐਸਆਈਟੀ ਦਾ ਗਠਨ ਕੀਤਾ ਹੈ। ਅਜਿਹੀਆਂ ਦੋ ਘਟਨਾਵਾਂ ਸਨ ਅਤੇ ਜੇਕਰ ਲੋੜ ਪਈ ਤਾਂ ਅਸੀਂ NHAI ਨੂੰ ਹੋਰ ਸੁਰੱਖਿਆ ਪ੍ਰਦਾਨ ਕਰਾਂਗੇ।

NO COMMENTS