ਬਠਿੰਡਾ: ਕਰਫ਼ਿਊ ਤੋਂ ਬਾਅਦ ਪੰਜਾਬ ‘ਚ ਆਮ ਲੋਕਾਂ ਨੂੰ ਘਰ ਵਿੱਚ ਬੈਠ ਕੇ ਮਹਾਮਾਰੀ ਤੋਂ ਬਚਣ ਲਈ ਕਿਹਾ ਜਾ ਰਿਹਾ ਹੈ। ਉੱਥੇ ਹੀ ਆਮ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਰ ਤਾਂ ਹੋਰ ਲੋਕ ਆਪਣੇ ਸਕੇ-ਸਬੰਧੀਆਂ ਦੀਆਂ ਅਸਥੀਆਂ ਵੀ ਜਲ ਪ੍ਰਵਾਹ ਨਹੀਂ ਕਰ ਪਾ ਰਹੇ। ਬਠਿੰਡਾ ਵਿੱਚ ਦਾਣਾ ਮੰਡੀ ਰਾਮਬਾਗ਼ ਵਿੱਚ ਅਸਥੀਆਂ ਵਾਲੇ ਲੌਕਰ ਹੁਣ ਭਰ ਚੁੱਕੇ ਹਨ। ਇਸ ਦੇ ਚੱਲਦੇ ਹੁਣ ਅਸਥੀਆਂ ਖੁੱਲ੍ਹੀਆਂ ਪਈਆਂ ਹਨ ਤੇ ਕੁਝ ਕਿੱਲੀਆਂ ਠੋਕ ਟੰਗੀਆਂ ਹੋਈਆਂ ਹਨ।
ਉਧਰ, ਦੂਜੇ ਪਾਸੇ ਰਾਮਬਾਗ ਦੇ ਮੈਨੇਜਰ ਆਕਾਸ਼ ਨੇ ਕਿਹਾ ਕਿ ਕਰਫ਼ਿਊ ਦੇ ਚੱਲਦੇ ਲੋਕਾਂ ਦਾ ਆਉਣਾ ਜਾਣਾ ਬੰਦ ਹੋਇਆ ਪਿਆ ਹੈ। ਇਸ ਦੇ ਚੱਲਦੇ ਰਾਮ ਮੰਗ ਵਿੱਚ ਬਣੇ ਲੌਕਰ ਭਰ ਚੁੱਕੇ ਹਨ ਤੇ ਹੋਰ ਲੌਕਰਾਂ ਲਈ ਥਾਂ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਸਾਡੇ ਕੁੱਲ 60 ਤੋਂ 70 ਲੌਕਰ ਹਨ ਜੋ ਸਾਰੇ ਭਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੌਕਰ ਭਰ ਜਾਣ ਦੇ ਬਾਵਜੂਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਹੀ ਅਸਥੀਆਂ ਨੂੰ ਰੱਖਿਆ ਹੋਇਆ ਹੈ।
ਇਸ ਦੇ ਨਾਲ ਹੀ ਮੈਨੇਜਰ ਨੇ ਕਿਹਾ ਕਿ ਅਸੀਂ ਅਲਮਾਰੀ ਦਾ ਬੰਦੋਬਸਤ ਕਰ ਰਹੇ ਹਾਂ ਤਾਂ ਜੋ ਮ੍ਰਿਤਕ ਪਰਿਵਾਰਕ ਮੈਂਬਰਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਨਾ ਆਵੇ। ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਚਿੰਤਾ ਦਾ ਵਿਸ਼ਾ ਹੈ ਜੋ ਅਸਥੀਆਂ ਲੌਕਰ ਤੋਂ ਬਾਹਰ ਦੀਆਂ ਹਨ, ਅਗਰ ਕੋਈ ਵੀ ਅਣਸੁਖਾਵੀਂ ਘਟਨਾ ਕਰ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਮ ਬਾਗ ਵਿੱਚ ਅਸਥੀਆਂ ਲਈ ਲੌਕਰਾਂ ਦਾ ਪ੍ਰਬੰਧ ਕਰਵਾਇਆ ਜਾਵੇ।