*CM ਚਰਨਜੀਤ ਚੰਨੀ ਨੇ ਸਿਰਫ਼ 25 ਕਿਲੋਮੀਟਰ ਜਾਣ ਲਈ ਵਰਤਿਆ ਸਰਕਾਰੀ ਹੈਲੀਕਾਪਟਰ, CMO ਨੇ ਦਿੱਤੀ ਸਫ਼ਾਈ*

0
73

ਚੰਡੀਗੜ੍ਹ (ਸਾਰਾ ਯਹਾਂ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਕ ਫੈਸਲੇ ਤੋਂ ਬਾਅਦ ਵਿਵਾਦ ਵਧ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਹਮਲਾਵਰ ਹੋ ਗਈ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਦਫਤਰ ਨੂੰ ਸਪੱਸ਼ਟੀਕਰਨ ਦੇਣਾ ਪਿਆ ਹੈ। ਦਰਅਸਲ, ਹੋਇਆ ਇਹ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਦਿੱਲੀ ਰਵਾਨਾ ਹੋਣਾ ਪਿਆ। ਚੰਨੀ ਨੇ ਦਿੱਲੀ ਜਾਣ ਲਈ ਮੋਹਾਲੀ ਏਅਰਪੋਰਟ ਜਾਣਾ ਸੀ। ਉਨ੍ਹਾਂ ਨੇ ਮੋਹਾਲੀ ਏਅਰਪੋਰਟ ’ਤੇ ਪਹੁੰਚਣ ਲਈ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕੀਤੀ। ਜਦੋਂਕਿ, ਮੁਹਾਲੀ ਹਵਾਈ ਅੱਡੇ ਦੀ ਉਨ੍ਹਾਂ ਦੀ ਰਿਹਾਇਸ਼ ਤੋਂ ਦੂਰੀ ਸਿਰਫ 25 ਕਿਲੋਮੀਟਰ ਹੈ।

ਸੀਐਮਓ ਨੇ ਦਿੱਤੀ ਸਫ਼ਾਈ

ਅੰਗਰੇਜ਼ੀ ਅਖ਼ਬਾਰ ‘ਦ ਇੰਡੀਅਨ ਐਕਸਪ੍ਰੈਸ’ ਨੇ ਰਿਪੋਰਟ ਦਿੱਤੀ ਕਿ ਮਾਮਲਾ ਵਧਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਫਤਰ (CMO) ਨੇ ਇਸ ਘਟਨਾ ਬਾਰੇ ਸਪਸ਼ਟੀਕਰਨ ਦਿੱਤਾ। ਸੀਐਮਓ ਨੇ ਕਿਹਾ ਕਿ ਮੁੱਖ ਮੰਤਰੀ ਨੇ ਚਾਰਟਰਡ ਜਹਾਜ਼ ਫੜਨ ਲਈ ਹੈਲੀਕਾਪਟਰ ਦੀ ਵਰਤੋਂ ਕੀਤੀ। ਸੀਐਮਓ ਨੇ ਇਹ ਵੀ ਕਿਹਾ ਹੈ ਕਿ ਕਿਉਂਕਿ ਮੁੱਖ ਮੰਤਰੀ ਚਰਨਜੀਤ ਚੰਨੀ ਕੋਲ ਸਮਾਂ ਨਹੀਂ ਸੀ, ਇਸੇ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਸਥਿਤ ਰਾਜਿੰਦਰ ਪਾਰਕ ਤੋਂ ਸਰਕਾਰੀ ਹੈਲੀਕਾਪਟਰ ਲੈ ਕੇ ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜਣਾ ਪਿਆ।

ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਖਰਾਬੀ ਦੀ ਫੈਲੀ ਅਫਵਾਹ

ਸੀਐਮਓ ਨੇ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਰਜਿੰਦਰ ਪਾਰਕ ਤੋਂ ਉਡਾਣ ਭਰੀ ਤੇ ਮੁਹਾਲੀ ਹਵਾਈ ਅੱਡੇ ‘ਤੇ ਉੱਤਰੇ। ਤੁਹਾਨੂੰ ਦੱਸ ਦੇਈਏ ਕਿ ਇਹ ਬਹੁਤ ਥੋੜ੍ਹੀ ਦੂਰੀ ਸੀ ਪਰ ਇਸ ਤੋਂ ਬਾਅਦ ਮੁੱਖ ਮੰਤਰੀ ਦੇ ਹੈਲੀਕਾਪਟਰ ਵਿੱਚ ਖਰਾਬੀ ਹੋਣ ਦੀ ਅਫਵਾਹ ਫੈਲ ਗਈ।

ਅਮਿਤ ਸ਼ਾਹ ਨਾਲ ਕਰਨੀ ਸੀ ਮੁਲਾਕਾਤ

ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਪੁੱਜਣਾ ਸੀ। ਸੀਐਮ ਚੰਨੀ ਚਾਰਟਰਡ ਫਲਾਈਟ ਫੜ ਕੇ ਦਿੱਲੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਸਨ।

ਸੀਐਮਓ ਨੇ ਚਾਰਟਰਡ ਜਹਾਜ਼ਾਂ ਬਾਰੇ ਦਿੱਤੀ ਜਾਣਕਾਰੀ

ਮੁੱਖ ਮੰਤਰੀ ਦਫਤਰ ਦੇ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਰਾਤ 8 ਵਜੇ ਅਮਿਤ ਸ਼ਾਹ ਨਾਲ ਮੁਲਾਕਾਤ ਕਰਨੀ ਸੀ ਅਤੇ ਮੀਟਿੰਗ ਤੋਂ ਬਾਅਦ ਰਾਤ ਨੂੰ ਹੀ ਵਾਪਸ ਆਉਣਾ ਸੀ। ਹੈਲੀਕਾਪਟਰ ਰਾਤ ਨੂੰ ਉਡਾਣ ਨਹੀਂ ਭਰ ਸਕਦਾ ਸੀ ਇਸ ਲਈ ਚਾਰਟਰਡ ਜਹਾਜ਼ ਕਿਰਾਏ ‘ਤੇ ਲਿਆ ਗਿਆ ਸੀ। ਉਹ ਕੁਲਜੀਤ ਸਿੰਘ ਨਾਗਰਾ ਅਤੇ ਰਵਨੀਤ ਸਿੰਘ ਬਿੱਟੂ ਨੂੰ ਵੀ ਨਾਲ ਲੈ ਕੇ ਗਏ ਸਨ।

NO COMMENTS