*Breaking News: ਸਿੱਧੂ ਕਤਲ ਮਾਮਲੇ ‘ਚ ਵਰਤੀ ਗਈ ਤੀਜੀ ਗੱਡੀ ਵੀ ਬਰਾਮਦ*

0
225

30,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਵਰਤੀ ਗਈ ਤੀਜੀ ਗੱਡੀ ਵੀ ਪੰਜਾਬ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ। ਮੋਗਾ ਦੇ ਕਸਬਾ ਧਰਮਕੋਟ ‘ਚ ਖੇਤਾਂ ‘ਚ ਖੜ੍ਹੀ ਇਹ ਕਾਰ ਬਰਾਮਦ ਕੀਤੀ ਗਈ ਹੈ ਜਿਸ ਨੂੰ ਪੁਲਿਸ ਵੱਲੋਂ ਕਬਜ਼ੇ ‘ਚ ਲੈ ਲਿਆ ਗਿਆ ਹੈ ਇਸ ਕਾਰ ਅੰਦਰੋਂ ਹਰਿਆਣਾ ਨੰਬਰ ਦੀਆਂ ਦੋ ਪਲੇਟਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਦਸ ਦਈਏ ਕਿ ਇਸ ਤੋਂ ਪਹਿਲਾਂ ਦੋ ਗੱਡੀਆਂ ਬਰਾਮਦ ਕੀਤੀਆਂ ਗਈਆਂ ਸਨ। ਬੋਲੈਰੋ ਅਤੇ ਕਰੋਲਾ ਦੋ ਗੱਡੀਆਂ ਬਰਾਮਦ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਹੁਣ ਤੀਜੀ ਕਾਰ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਤਿੰਨ ਗੱਡੀਆਂ ਨੇ ਸਿੱਧੂ ਮੂਸੇਵਾਲਾ ਦੀ ਕਾਰ ਘੇਰ ਕੇ ਤਾਬੜਤੋੜ ਫਾਇਰਿੰਗ ਕੀਤੀ ਸੀ। 30 ਦੇ ਕਰੀਬ ਰਾਊਂਡ ਫਾਇਰ ਕੀਤੇ ਗਏ ਸਨ।   

ਸੂਬੇ ਦੇ ਪੁਲਿਸ ਮੁਖੀ ਨੇ ਦੱਸਿਆ ਸੀ ਕਿ ਅਗਲੇ ਮਹੀਨੇ ਆਪ੍ਰੇਸ਼ਨ ਬਲੂਸਟਾਰ ਦੀ ਬਰਸੀ ਮੌਕੇ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕਰਨ ਲਈ ਮੂਸੇਵਾਲਾ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੂਸੇਵਾਲਾ ਨਾਲ ਤਾਇਨਾਤ ਪੰਜਾਬ ਪੁਲੀਸ ਦੇ ਚਾਰ ਕਮਾਂਡੋਜ਼ ਵਿੱਚੋਂ ਦੋ ਨੂੰ ਹਟਾ ਦਿੱਤਾ ਗਿਆ ਹੈ।

ਪੁਲਿਸ ਦੇ ਡਾਇਰੈਕਟਰ ਜਨਰਲ ਅਨੁਸਾਰ ਮੂਸੇਵਾਲਾ ਮਾਨਸਾ ਜ਼ਿਲ੍ਹੇ ਵਿੱਚ ਘਟਨਾ ਸਮੇਂ ਆਪਣੇ ਬਾਕੀ ਬਚੇ ਦੋ ਕਮਾਂਡੋਜ਼ ਨੂੰ ਆਪਣੇ ਨਾਲ ਨਹੀਂ ਲੈ ਕੇ ਗਿਆ ਸੀ। ਭੰਵਰਾ ਨੇ ਦੱਸਿਆ ਕਿ ਮੌਕੇ ਤੋਂ ਗੋਲੀਆਂ ਦੇ 30 ਖਾਲੀ ਖੋਲ ਬਰਾਮਦ ਹੋਏ ਹਨ। ਉਸ ਨੇ ਅੰਦਾਜ਼ਾ ਲਗਾਇਆ ਕਿ ਅਪਰਾਧ ਵਿਚ ਘੱਟੋ-ਘੱਟ ਤਿੰਨ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ।

ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਇਸ ਸਬੰਧ ਵਿੱਚ ਵੱਡਾ ਖੁਲਾਸਾ ਕੀਤਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਕਿਸ ਦਾ ਹੱਥ ਹੈ। ਉਸ ਨੇ ਕਿਹਾ ਹੈ ਕਿ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਐਸਐਸਪੀ ਨੇ ਦੱਸਿਆ ਕਿ ਮੂਸੇਵਾਲਾ ਦੇ ਥਾਰ ਕੋਲ 3 ਗੱਡੀਆਂ ਆ ਕੇ ਰੁਕੀਆਂ ਸਨ।

NO COMMENTS