*BREAKING ‘ਮਿਸ਼ਨ ਆਕਸੀਜਨ’ ਭਾਰਤੀ ਹਵਾਈ ਫ਼ੌਜ ਹਵਾਲੇ, ਆਕਸੀਜਨ ਸੰਕਟ ਕਰਕੇ ਹਸਪਤਲਾਂ ‘ਚ ਮੌਤਾਂ*

0
36

ਨਵੀਂ ਦਿੱਲੀ 23 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਦੇਸ਼ ’ਚ ਤੇਜ਼ੀ ਨਾਲ ਫੈਲੇ ਕੋਰੋਨਾਵਾਇਰਸ ਦੌਰਾਨ ਹਸਪਤਾਲਾਂ ’ਚ ਆਕਸੀਜਨ ਦੇ ਸੰਕਟ ਨੇ ਮਹਾਮਾਰੀ ਦਾ ਸੰਕਟ ਹੋਰ ਵੀ ਡੂੰਘਾ ਕਰ ਦਿੱਤਾ ਹੈ। ਅਜਿਹੀ ਹਾਲਤ ਵਿੱਚ ਆਕਸੀਜਨ ਦੀ ਸਪਲਾਈ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਭਾਰਤੀ ਹਵਾਈ ਫ਼ੌਜ ਨੇ ਆਪਣੇ ਜੰਗੀ ਬੇੜੇ ਨੂੰ ਮਦਦ ਦੇ ਮੋਰਚੇ ਉੱਤੇ ਤਾਇਨਾਤ ਕੀਤਾ ਹੈ। ਬੀਤੀ ਰਾਤ ਤੋਂ ਭਾਰਤੀ ਹਵਾਈ ਫ਼ੌਜ ਦੇ ਸੀ 17 ਤੇ ਆਈਐਲ 76 ਹਵਾਈ ਜਹਾਜ਼ ਵਿਸ਼ਾਲ ਟੈਂਕਰਾਂ ਨੂੰ ਉਨ੍ਹਾਂ ਥਾਵਾਂ ਉੱਤੇ ਪਹੁੰਚਾ ਰਹੇ ਹਨ, ਜਿੱਥੇ ਮੈਡੀਕਲ ਵਰਤੋਂ ਯੋਗ ਆਕਸੀਜਨ ਉਪਲਬਧ ਹੈ।

ਕ੍ਰਾਇਓਜੈਨਿਕ ਕੰਟੇਨਰ ਅਤੇ ਇੱਕ ਆਈਐਲ 76 ਹਵਾਈ ਜਹਾਜ਼ਾਂ ਨੇ ਇੱਕ ਖ਼ਾਲੀ ਕੰਟੇਨਰ ਹਵਾਈ ਫ਼ੌਜ ਬੇਸ ਹਿੰਡਨ ਤੋਂ ਪੱਛਮੀ ਬੰਗਾਲ ’ਚ ਪਾਨਾਗੜ੍ਹ ਪਹੁੰਚਾਇਆ। ਹਵਾਈ ਫ਼ੌਜ ਮੁਤਾਬਕ ਅੱਜ ਵੀ ਇਸ ਤਰ੍ਹਾਂ ਦੀਆਂ ਕਈ ਉਡਾਣਾਂ ਦੇਸ਼ ਭਰ ’ਚ ਚਲਾਈਆਂ ਜਾ ਰਹੀਆਂ ਹਨ। ਚੇਤੇ ਰਹੇ ਕਿ ਹਵਾਈ ਫ਼ੌਜ ਦੀ ਇਸ ਮਦਦ ਨਾਲ ਆਕਸੀਜਨ ਦੀ ਸਪਲਾਈ ਵਿੱਚ ਲੱਗਣ ਵਾਲੇ ਸਮੇਂ ਵਿੱਚ ਕਮੀ ਆਵੇਗੀ।

ਗ਼ੌਰਤਲਬ ਹੈ ਕਿ ਮੈਡੀਕਲ ਵਰਤੋਂ ਦੀ ਆਕਸੀਜਨ ਨੂੰ ਤਰਲ ਰੂਪ ਵਿੱਚ ਵਿਸ਼ੇਸ਼ ਕ੍ਰਾਇਓਜੈਨਿਕ ਭਾਵ ਠੰਢੇ ਕੰਟੇਨਰਾਂ ਰਾਹੀਂ ਇੱਕ ਤੋਂ ਦੂਜੀ ਥਾਂ ਪਹੁੰਚਾਇਆ ਜਾਂਦਾ ਹੈ। ਇਹ ਕੰਟੇਨਰ ਉੱਚ ਦਬਾਅ ਵਾਲੀ ਤਰਲ ਆਕਸੀਜਨ ਨੂੰ ਸੰਚਿਤ ਕਰ ਲੈਂਦੇ ਹਨ। ਵਧੇਰੇ ਦਬਾਅ ਵਾਲੇ ਇਨ੍ਹਾਂ ਕੰਟੇਨਰਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਇੱਕ ਤੋਂ ਦੂਜੀ ਥਾਂ ਨਹੀਂ ਪਹੁੰਚਾਇਆ ਜਾ ਸਕਦਾ ਕਿਉਂਕਿ ਸੀ 17 ਤੇ ਆਈਐਲ 76 ਜਿਹੇ ਟ੍ਰਾਂਸਪੋਰਟ ਹਵਾਈ ਜਹਾਜ਼ ਕਾਫ਼ੀ ਉਚਾਈ ਉੱਤੇ ਉਡਾਣਾਂ ਭਰਦੇ ਹਨ। ਅਜਿਹੀ ਹਾਲਤ ਵਿੱਚ ਕੈਬਿਨ ਦਾ ਦਬਾਅ ਇਨ੍ਹਾਂ ਉੱਚ ਦਬਾਅ ਵਾਲੀ ਸਮਰੱਥਾ ਵਾਲੇ ਕੰਟੇਨਰਾਂ ਨਾਲ ਟ੍ਰਾਂਸਪੋਰਟ ਨੂੰ ਖ਼ਤਰਨਾਕ ਬਣਾ ਸਕਦਾ ਹੈ।

ਇਸੇ ਲਈ ਹਵਾਈ ਫ਼ੌਜ ਨੇ ਖ਼ਾਲੀ ਟੈਂਕਰਾਂ ਨੂੰ ਉਨ੍ਹਾਂ ਸਥਾਨਾਂ ਉੱਤੇ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ, ਜਿੱਥੇ ਆਕਸੀਜਨ ਉਪਲਬਧ ਹੈ, ਤਾਂ ਜੋ ਟੈਂਕਰਾਂ ਦੀ ਆਵਾਜਾਈ ’ਚ ਲੱਗਣ ਵਾਲਾ ਸਮਾਂ ਘਟਾਇਆ ਜਾ ਸਕੇ। ਇਸ ਲਈ ਉਦਯੋਗਿਕ ਗ੍ਰੇਡ ਦੇ ਇਹ ਟੈਂਕਰ ਹਵਾਈ ਫ਼ੌਜ ਨੂੰ ਮੁਹੱਈਆ ਕਰਵਾਏ ਗਏ ਹਨ।

ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਉੱਚ ਪੱਧਰੀ ਬੈਠਕ ਵਿੱਚ ਆਕਸੀਜਨ ਸੰਕਟ ਦੇ ਹੱਲ ਲਈ ਹਵਾਈ ਫ਼ੌਜ ਦੀ ਵਰਤੋਂ ਨੂੰ ਲੈ ਕੇ ਫ਼ੈਸਲਾ ਹੋਇਆ ਸੀ। ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਦੋ ਦਿਨ ਪਹਿਲਾਂ ਰੱਖਿਆ ਸਕੱਤਰ ਤੇ ਫ਼ੌਜ ਮੁਖੀਆਂ ਨਾਲ ਮੀਟਿੰਗ ਕਰ ਕੇ ਕੋਵਿਡ ਸਹਾਇਤਾ ਮਿਸ਼ਨ ’ਚ ਫ਼ੌਜੀ ਸਮਰੱਥਾਵਾਂ ਦੀ ਵਰਤੋਂ ਦੀ ਹਦਾਇਤ ਜਾਰੀ ਕੀਤੀ ਸੀ।

ਸਰਕਾਰ ਦੇ ਇਨ੍ਹਾਂ ਹੁਕਮਾਂ ਤੇ ਹਦਾਇਤਾਂ ਦੇ ਬਾਵਜੂਦ ਹਾਲੇ ਵੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਹੀ ਰਾਜਾਂ ਵਿੱਚ ਆਕਸੀਜਨ ਦੀ ਸਪਲਾਈ ਵਿੱਚ ਔਕੜਾਂ ਪੇਸ਼ ਆ ਰਹੀਆਂ ਹਨ। ਰਾਜਧਾਨੀ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਨੂੰ 23 ਅਪ੍ਰੈਲ ਦੀ ਸਵੇਰੇ ਹੰਗਾਮੀ ਸੰਦੇਸ਼ ਜਾਰੀ ਕਰਨਾ ਪਿਆ ਕਿ ਉਸ ਕੋਲ ਕੇਵਲ ਦੋ ਘੰਟਿਆਂ ਦੀ ਆਕਸੀਜਨ ਬਚੀ ਹੈ।

NO COMMENTS