ਚੰਡੀਗੜ੍ਹ16 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਖੇਤੀ ਕਾਨੂੰਨਾਂ (Agriculture Law) ਕਰਕੇ ਪੰਜਾਬ ‘ਚ ਬੀਜੇਪੀ (BJP in Punjab) ਦੇ ਹਾਲਾਤ ਹੋਰ ਖ਼ਰਾਬ ਹੋ ਗਏ ਹਨ। ਬੀਜੇਪੀ ਖਿਲਾਫ ਕਿਸਾਨਾਂ ਦਾ ਗੁੱਸਾ ਸਿਖਰਾਂ ‘ਤੇ ਹੈ। ਇਸ ਮਗਰੋਂ ਬੀਜੇਪੀ ਦੀ ਸਭ ਤੋਂ ਵੱਡੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ (SAD) ਨੇ ਵੀ ਉਨ੍ਹਾਂ ਨਾਲ ਰਿਸ਼ਤਾ ਖ਼ਤਮ ਕਰ ਲਿਆ ਸੀ। ਹੁਣ ਬੀਜੇਪੀ ਪੰਜਾਬ ਸਣੇ ਹੋਰ ਕਈ ਸੂਬਿਆਂ ‘ਚ ਆਪਣੀ ਕਾਰਜਪ੍ਰਣਾਲੀ ‘ਚ ਵੱਡਾ ਫੇਰਬਦਲ ਕਰਨ ਵਾਲੀ ਹੈ।
ਜੀ ਹਾਂ, ਹੁਣ ਖ਼ਬਰਾਂ ਹਨ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਸੂਬਿਆਂ ਦੇ ਇੰਚਾਰਜ ‘ਚ ਬਦਲਾਅ ਕੀਤਾ ਹੈ। ਇਸ ਦਰਮਿਆਨ ਹੁਣ ਪੰਜਾਬ ਤੇ ਚੰਡੀਗੜ੍ਹ ਇਕਾਈ ਦਾ ਇੰਚਾਰਜ ਲਾ ਕੇ ਦੁਸ਼ਯੰਤ ਕੁਮਾਰ ਗੌਤਮ ਨੂੰ ਵੱਡਾ ਜਿੰਮਾ ਸੌਂਪਿਆ ਗਿਆ ਹੈ। ਜਦੋਂਕਿ ਡਾ. ਨਰਿੰਦਰ ਸਿੰਘ ਨੂੰ ਸਹਿ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਭਾਜਪਾ ਨੇਤਾ ਅਵਿਨਾਸ਼ ਖੰਨਾ ਨੂੰ ਹਿਮਾਚਲ ਦੇ ਜਨਰਲ ਸੱਕਤਰ ਤੇ ਜੰਮੂ-ਕਸ਼ਮੀਰ ਲਈ ਤਰੁਣ ਚੁੱਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਭਾਜਪਾ ਦੀ ਵੱਡੀ ਤਬਦੀਲੀ ਹੈ। ਭਾਜਪਾ ਪੰਜਾਬ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਇੱਕ ਤੋਂ ਬਾਅਦ ਇੱਕ ਕਦਮ ਚੁੱਕ ਰਹੀ ਹੈ। ਅਕਾਲੀ ਦਲ ਤੋਂ ਦੂਰੀ ਬਣਨ ਤੋਂ ਬਾਅਦ ਦੋਵੇਂ ਪਾਰਟੀਆਂ ਇੱਕ ਦੂਜੇ ‘ਤੇ ਤਿੱਖੇ ਹਮਲੇ ਕਰ ਰਹੀਆਂ ਹਨ।