*ਦੂਸ਼ਿਤ ਪਾਣੀ, ਦੂਸ਼ਿਤ ਭੋਜਣ ਅਤੇ ਸਾਫ਼ ਸਫ਼ਾਈ ਦੀ ਅਣਹੋਂਦ ਕਾਰਨ ਫੈਲਦਾ ਹੈ ਹੈਪੇਟਾਈਟਸ ਏ ਅਤੇ ਈ-ਸਿਵਲ ਸਰਜਨ*

0
35

ਮਾਨਸਾ, 29 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਦਫਤਰ ਸਿਵਲ ਸਰਜਨ ਮਾਨਸਾ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਹੈਪੇਟਾਈਟਸ ਦਿਵਸ ਹਰ ਸਾਲ ਇਸ ਦਿਨ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਇਕ ਵਾਇਰਲ ਰੋਗ ਹੈ ਅਤੇ  ਹੈਪੇਟਾਈਟਸ ਏ.ਬੀ.ਸੀ.ਡੀ.ਈ. ਕਈ ਪ੍ਰਕਾਰ ਦਾ ਹੁੰਦਾ ਹੈ। ਹੈਪੇਟਾਈਟਸ ਏ ਅਤੇ ਈ ਦੂਸ਼ਿਤ ਪਾਣੀ, ਦੂਸ਼ਿਤ ਭੋਜਣ ਅਤੇ ਸਾਫ-ਸਫਾਈ ਦੀ ਅਣਹੋਂਦ ਕਾਰਣ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਪਾਣੀ ਉਬਾਲਕੇ, ਕਲੋਰੀਨੇਟ ਕਰਕੇ ਜਾਂ ਫਿਲਟਰ ਕਰਕੇ ਪੀਣਾ ਚਾਹੀਦਾ ਹੈ।  
ਉਨ੍ਹਾਂ ਦੱਸਿਆ ਕਿ ਜਦੋਂ ਕਿਸੇ ਨੂੰ ਇਹ ਤਕਲੀਫ਼ ਹੋ ਜਾਂਦੀ ਹੈ ਤਾਂ ਉਸ ਦੇ ਮੁੱਖ ਲੱਛਣ ਖਾਦਾ-ਪੀਤਾ ਹਜ਼ਮ ਨਾ ਆਉਣਾ, ਪੇਟ ਦੇ ਉਪਰਲੇ ਹਿੱਸੇ ਵਿਚ ਸੋਜਿਸ਼, ਲੀਵਰ ਵਾਲੀ ਜਗ੍ਹਾ ’ਤੇ ਦਰਦ, ਬੁਖਾਰ, ਭੱੁਖ ਨਾ ਲੱਗਣਾ, ਥਕਾਵਟ, ਪਿੰਜਣੀਆਂ ਵਿੱਚ ਦਰਦ, ਉਲਟੀ ਆਉਣਾ ਜਾ ਜੀਅ ਕੱਚਾ ਹੋਣਾ ਹਨ। ਉਨ੍ਹਾਂ ਦੱਸਿਆ ਕਿ ਪੀਲੀਆ ਹੋਣ ਉਪਰੰਤ ਸਾਨੂੰ ਡਾਕਟਰ ਦੀ ਸਲਾਹ ਅਨੁਸਾਰ ਤੁਰੰਤ ਦਵਾਈ ਲੈਣੀ ਚਾਹੀਦੀ ਹੈ ਅਤੇ ਮਰੀਜ਼ ਨੂੰ ਮੁਕੰਮਲ ਆਰਾਮ ਕਰਨਾ ਚਾਹੀਦਾ ਹੈ। ਖੱਟੀਆਂ, ਤਲੀਆਂ, ਗਰਮ ਚੀਜ਼ਾਂ ਅਤੇ ਲਾਲ ਮਿਰਚ ਦਾ ਪਰਹੇਜ਼ ਕਰਨਾ ਚਾਹੀਦਾ ਹੈ।
          ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਮਾਨਸਾ ਸ਼੍ਰੀ ਵਿਜੈ ਕੁਮਾਰ ਜੈਨ ਨੇ ਦੱਸਿਆ ਕਿ ਹੈਪੇਟਾਈਟਸ ਬੀ ਅਤੇ ਸੀ ਦੂਸ਼ਿਤ ਖ਼ੂਨ, ਦੂਸ਼ਿਤ ਸੂਈ-ਸਰਿੰਜ, ਅਸੰਕਰਮਿਤ ਖੂਨ ਦਾ ਚੜ੍ਹਨਾ, ਰੋਗ ਗ੍ਰਸਤ ਮਾਂ ਤੋਂ ਬੱਚੇ ਨੂੰ, ਅਸੁਰੱਖਿਅਤ ਸਰੀਰਿਕ ਸਬੰਧ ਜਾਂ ਕਿਸੇ ਹੋਰ ਇਨਫੈਕਟਡ ਖੂਨ ਦੇ ਸਾਧਨ ਰਾਹੀਂ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਬੀ ਅਤੇ ਸੀ ਤੋਂ ਬਚਣ ਲਈ ਸਾਨੂੰ ਜਦੋਂ ਵੀ ਕਿਤੇ ਖ਼ੂਨ ਦੀ ਲੋੜ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਗਰਭਵਤੀ ਮਹਿਲਾਵਾਂ, ਹੈਲਥ ਕੇਅਰ ਵਰਕਰ, ਹਾਈ ਰਿਸਕ ਗਰੁੱਪ ਜਾਂ ਕੋਈ ਵੀ ਸਰਜਰੀ ਕਰਾਉਣ ਤੋਂ ਪਹਿਲਾਂ, ਦੰਦਾਂ ਦਾ ਇਲਾਜ ਕਰਵਾਉਣ ਸਮੇ ਜਾਂ ਡਾਇਲਸਿਸ ਕਰਾਉਣ ਸਮੇਂ ਪਹਿਲਾਂ ਸਾਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਵਿੰਦਰ ਸਿੰਗਲਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਵਤਾਰ ਸਿੰਘ, ਜ਼ਿਲ੍ਹਾ ਐਪੀਡਮਾਲੋਜਿਸਟ ਸੰਤੋਸ਼ ਭਾਰਤੀ, ਰਾਮ ਕੁਮਾਰ ਹੈਲਥ ਸੁਪਰਵਾਈਜ਼ਰ, ਭੋਲਾ ਸਿੰਘ ਹੈਲਥ ਸੁਪਰਵਾਈਜ਼ਰ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਦਰਸ਼ਨ ਸਿੰਘ, ਮੈਡਮ ਗੀਤਾ ਰਾਣੀ, ਸੰਦੀਪ ਸਿੰਘ, ਲਲਿਤ ਕੁਮਾਰ, ਵਿਸ਼ਵ ਕੁਮਾਰ, ਗਗਨ ਕੁਮਾਰ, ਜਸਪ੍ਰੀਤ ਕੌਰ, ਦੀਪ ਸ਼ਿਖਾ, ਰਵਿੰਦਰ ਕੁਮਾਰ, ਵਰਿੰਦਰ ਮਹਿਤਾ, ਕਰਮਵੀਰ ਕੌਰ, ਗੁਰਿੰਦਰਜੀਤ ਸਿੰਘ ਅਤੇ ਬਲਜੀਤ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਵੀ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

LEAVE A REPLY

Please enter your comment!
Please enter your name here