(ਸਾਰਾ ਯਹਾਂ)ਚੰਡੀਗੜ੍ਹ ਸ਼ਹਿਰ ‘ਚ ਸ਼ਰਾਬ ਦੇ ਠੇਕੇ ਲੈਣ ਲਈ ਠੇਕੇਦਾਰ ਅੱਜ ਤੋਂ ਅਪਲਾਈ ਕਰ ਸਕਦੇ ਹਨ। ਚੰਡੀਗੜ੍ਹ ਵਿੱਚ ਕੁੱਲ 97 ਸ਼ਰਾਬ ਦੇ ਠੇਕੇ ਹਨ। ਇਹਨਾਂ ਨੂੰ ਲੈ ਦੇ ਲਈ ਅਪਲਾਈ ਕਰਨ ਦੀ ਪ੍ਰਕੀਰਿਆ ਚੰਡੀਗੜ੍ਹ ਪ੍ਰਸ਼ਾਸਨ ਨੇ ਬੀਤੇ ਦਿਨ ਸ਼ੁਰੂ ਕੀਤੀ ਸੀ।
ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੁੱਝ ਦਿਨ ਪਹਿਲਾਂ ਹੀ ਆਬਕਾਰੀ ਨੀਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਆਬਕਾਰੀ ਵਿਭਾਗ ਨੇ ਕੁੱਲ 84 ਯੂਨਿਟ (ਲਾਈਸੈਂਸ) ਤੈਅ ਕੀਤੇ ਹਨ, ਜਿਨ੍ਹਾਂ ਲਈ ਬੋਲੀ ਦਿੱਤੀ ਜਾ ਸਕਦੀ ਹੈ। ਇਹਨਾਂ ਵਿੱਚ 10 ਯੂਨਿਟ ਅਜਿਹੀਆਂ ਹਨ ਜਿਨ੍ਹਾਂ ਵਿੱਚ 2 ਜਾਂ 3 ਸ਼ਰਾਬ ਦੇ ਠੇਕੇ ਹਨ।
ਚੰਡੀਗੜ੍ਹ ਪ੍ਰਸ਼ਾਸਨ ਨੇ ਆਬਕਾਰੀ ਨੀਤੀ ਤਹਿਤ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਹਰ ਬੋਤਲ ‘ਤੇ ਕੋਡ ਸਕੈਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਪਤਾ ਲੱਗ ਸਕੇ ਕਿ ਸ਼ਰਾਬ ਦੀ ਬੋਤਲ ਉਸ ਪਲਾਂਟ ‘ਚ ਬਣੀ ਹੈ ਜਾਂ ਨਹੀਂ। ਪ੍ਰਸ਼ਾਸਨ ਨੇ ਕਈ ਸ਼ਰਾਬ ਦੇ ਠੇਕਿਆਂ ਦੀ ਰਾਖਵੀਂ ਕੀਮਤ ਵੀ ਘਟਾ ਦਿੱਤੀ ਹੈ ਤਾਂ ਜੋ ਇਸ ਵਾਰ ਸਾਰੇ ਠੇਕਿਆਂ ਦੀ ਵਿਕਰੀ ਹੋ ਸਕੇ।
ਚੰਡੀਗੜ੍ਹ ਪ੍ਰਸ਼ਾਸਨ ਨੇ ਹਰ ਬੋਤਲ ‘ਤੇ ਕੋਡ ਸਕੈਨ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਆਬਕਾਰੀ ਵਿਭਾਗ ਦੇ ਨਾਲ-ਨਾਲ ਪੁਲਿਸ ਨੂੰ ਵੀ ਕਾਫੀ ਫਾਇਦਾ ਹੋਵੇਗਾ। ਕਿਉਂਕਿ ਜਦੋਂ ਵੀ ਪੁਲਿਸ ਸ਼ਰਾਬ ਦੀ ਤਸਕਰੀ ਦੇ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਕੁਝ ਦੋਸ਼ੀ ਪੁਲਿਸ ਪੁੱਛਗਿੱਛ ਦੌਰਾਨ ਇਹ ਗੱਲ ਕਬੂਲ ਕਰ ਲੈਂਦੇ ਹਨ ਕਿ ਉਹ ਸ਼ਰਾਬ ਕਿੱਥੋਂ ਲੈ ਕੇ ਆਏ ਹਨ। ਪਰ ਕਈ ਅਜਿਹੇ ਦੋਸ਼ੀ ਹਨ ਜੋ ਇਹ ਨਹੀਂ ਦੱਸਦੇ ਕਿ ਉਹ ਸ਼ਰਾਬ ਕਿੱਥੋਂ ਲੈ ਕੇ ਆਏ ਹਨ। ਪਰ ਹੁਣ ਕੋਡ ਨੂੰ ਸਕੈਨ ਕਰਕੇ, ਅਸਲ ਮੁਲਜ਼ਮ ਜੋ ਲੰਬੇ ਸਮੇਂ ਤੋਂ ਪਰਦੇ ਦੇ ਪਿੱਛੇ ਲੁਕੇ ਹੋਏ ਹਨ, ਹੁਣ ਉਨ੍ਹਾਂ ਦੀ ਖੈਰ ਨਹੀਂ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੂੰ ਪਿਛਲੇ ਸਾਲ ਸ਼ਰਾਬ ਦੇ 18 ਠੇਕਿਆਂ ਦੀ ਵਿਕਰੀ ਨਾ ਹੋਣ ਕਾਰਨ 200 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਸ ਵਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਸੈਸ਼ਨ ਲਈ ਨਿਲਾਮੀ ਦਾ ਨੋਟਿਸ ਜਾਰੀ ਕੀਤਾ ਹੈ ਅਤੇ ਬੋਲੀ 6 ਮਾਰਚ ਨੂੰ ਯੂਟੀ ਗੈਸਟ ਹਾਊਸ ਵਿਖੇ ਖੋਲ੍ਹੀ ਜਾਵੇਗੀ। ਪਿਛਲੀ ਨੀਤੀ ‘ਚ 95 ਠੇਕੇ ਸਨ, ਇਸ ਵਾਰ ਜੇਕਰ ਧਨਾਸ ਦੇ ਠੇਕੇ ਦੀ ਗੱਲ ਕਰੀਏ ਤਾਂ ਇਸ ਦੀ ਰਾਖਵੀਂ ਕੀਮਤ ਘਟਾਈ ਗਈ ਹੈ। ਇਹ ਠੇਕਾ ਹਰ ਵਾਰ ਮਹਿੰਗਾ ਵਿਕਿਆ ਪਰ ਪਿਛਲੀ ਵਾਰ ਇਹ ਵਿੱਕ ਨਹੀਂ ਪਾਇਆ ਸੀ।