ਮਾਨਸਾ 12 ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਦੇ ਆਦੇਸ਼ਾਂ ’ਤੇ ਪਲਸ ਪੋਲੀਓ ਰਾਊਂਡ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਸਥਾਨਕ ਬੱਚਤ ਭਵਨ ਮਾਨਸਾ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਉਪਕਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਭਾਵੇਂ ਭਾਰਤ ਵਿੱਚ ਪੋਲੀਓ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ, ਪ੍ਰੰਤੂ ਸਾਡੇ ਗੁਆਂਢੀ ਦੇਸ਼ਾਂ ਵਿੱਚ ਪੋਲੀਓ ਦਾ ਕੇਸ ਆਉਣ ਕਾਰਨ ਸਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣੀਆਂ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਜ਼ੀਰੋ ਤੋਂ ਪੰਜ ਸਾਲ ਦਾ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹਿ ਜਾਵੇ। ਸਿਵਲ ਸਰਜਨ ਡਾ.ਹਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ੀਰੋ ਤੋਂ ਪੰਜ ਸਾਲ ਉਮਰ ਤੱਕ ਦੇ ਬੱਚਿਆਂ ਨੂੰ 18 ਸਤੰਬਰ ਤੋਂ 20 ਸਤੰਬਰ ਤੱਕ ਪਹਿਲੇ ਦਿਨ ਬੂਥਾਂ ’ਤੇ ਦੂਸਰੇ ਅਤੇ ਤੀਸਰੇ ਦਿਨ ਘਰ ਘਰ ਜਾ ਕੇ ਦਵਾਈ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੋਬਾਈਲ ਟੀਮਾਂ ਰਾਹੀਂ ਝੁੱਗੀ, ਝੌਂਪੜੀਆਂ, ਸ਼ੈੱਲਰ,ਭੱਠੇ, ਕੰਸਟਰੱਕਸ਼ਨ ਵਾਲੀਆਂ ਥਾਂਵਾਂ ਅਤੇ ਹੋਰ ਮਾਈਗਰੇਟਰੀ ਆਬਾਦੀ ਨੂੰ ਸਾਡੀਆਂ ਟੀਮਾਂ ਦੁਆਰਾ ਇਨ੍ਹਾਂ ਥਾਵਾਂ ’ਤੇ ਪਹੁੰਚ ਕੇ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਰਾਊਂਡ ਵਿੱਚ ਕੁੱਲ 77,575 ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ ਹੈ, ਜਿਸ ਵਿਚ ਕੁੱਲ 376 ਬੂਥ ਅਤੇ 72 ਸੁਪਰਵਾਈਜ਼ਰ ਲਗਾਏ ਗਏ ਹਨ। ਇਸ ਦੇ ਲਈ 15 ਮੋਬਾਇਲ ਟੀਮਾਂ ਅਤੇ 12 ਟਰਾਂਜ਼ਿਟ ਟੀਮਾਂ ਕੰਮ ਕਰਨਗੀਆਂ। ਡਬਲਿਊ.ਐਚ.ਓ.ਦੇ ਨੁਮਾਇੰਦੇ ਡਾ.ਨਵਦਿਤੀਆ ਨੇ ਦੱਸਿਆ ਕਿ ਭਾਰਤ ਵਿਚ ਸਾਲ 2011 ਤੋਂ ਬਾਅਦ ਕੋਈ ਵੀ ਪੋਲੀਓ ਦਾ ਕੇਸ ਸਾਹਮਣੇ ਨਹੀਂ ਆਇਆ ਪ੍ਰੰਤੂ ਸਾਨੂੰ ਫਿਰ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ, ਇਸ ਮੌਕੇ ਸਹਾਇਕ ਸਿਵਲ ਸਰਜਨ-ਕਮ-ਟੀਕਾਕਰਨ ਅਫ਼ਸਰ, ਮਾਨਸਾ ਡਾ.ਰਣਜੀਤ ਸਿੰਘ ਰਾਏ, ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।