ਮਾਨਸਾ, 22 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ) : ਪਸ਼ੂ ਪਾਲਣ ਵਿਭਾਗ ਵੱਲੋਂ ਜਾਰੀ ਅਡਵਾਈਜ਼ਰੀ ਅਨੁਸਾਰ ਅਫ਼ਰੀਕਨ ਸਵਾਈਨ ਫੀਵਰ ਇੱਕ ਵਾਇਰਲ ਹੈ। ਸਹਾਇਕ ਨਿਰਦੇਸ਼ਕ ਪਸ਼ੂ ਪਾਲਣ ਡਾ. ਕਮਲ ਗੁਪਤਾ ਨੇ ਦੱਸਿਆ ਕਿ ਅਡਵਾਈਜ਼ਰੀ ਅਨੁਸਾਰ ਇਹ ਬਿਮਾਰੀ ਜੰਗਲੀ ਸੂਰਾਂ ਤੋਂ ਸਿੱਧੇ ਸੰਪਰਕ ਰਾਹੀਂ, ਉਨ੍ਹਾਂ ਤੋਂ ਚਿੱਚੜਾਂ ਰਾਹੀਂ ਪਾਲਤੂ ਸੂਰਾਂ ਵਿੱਚ ਆਉਂਦੀ ਹੈ, ਅੱਗੇ ਇਹ ਬਿਮਾਰੀ, ਬੀਮਾਰ ਸੂਰਾਂ ਰਾਹੀਂ, ਦੂਸ਼ਿਤ ਖੁਰਾਕ, ਕੱਪੜੇ, ਬੂਟਾਂ, ਟਾਇਰਾਂ ਆਦਿ ਰਾਹੀਂ ਫ਼ੈਲਦੀ ਹੈ।
ਜਾਰੀ ਅਡਵਾਈਜ਼ਰੀ ਅਨੁਸਾਰ ਇਸ ਬੀਮਾਰੀ ਦੇ ਲੱਛਣ ਜਿਵੇਂ ਕਿ ਬੁਖਾਰ, ਭੁੱਖ ਨਾ ਲੱਗਣੀ, ਔਖੇ ਸਾਹ, ਨੱਕ/ਅੱਖਾਂ ਵਿੱਚੋਂ ਪਾਣੀ ਵਗਣਾ, ਲੜਗੜਾਉਣਾ, ਖੂਨੀ ਮੋਕ, ਚਮੜੀ ਤੇ ਲਾਲ/ਨੀਲੇ-ਜਾਮਨੀ ਧਫੜ ਪੈਣੇ ਖਾਸ ਕਰਕੇ ਕੰਨਾਂ ਤੇ, ਮਲ ਦੁਆਰ ਤੇ ਨੱਕ ਵਿੱਚੋਂ ਖੂਨ ਵਗਣਾ, ਉਲਟੀਆਂ ਲੱਗਣਾ, ਸੁਸਤ ਹੋਣਾ ਆਦਿ ਹਨ।
ਉਨ੍ਹਾਂ ਦੱਸਿਆ ਕਿ ਅਡਵਾਈਜ਼ਰੀ ਤਹਿਤ ਇਸ ਬੀਮਾਰੀ ਦਾ ਕੋਈ ਟੀਕਾ ਜਾਂ ਕਾਰਗਰ ਇਲਾਜ਼ ਨਹੀਂ ਹੈ ਅਤੇ ਬਚਾਓ ਹੀ ਇੱਕ ਕਾਰਗਰ ਤਰੀਕਾ ਹੈ। ਫ਼ਾਰਮ ਤੇ ਕੰਮ ਕਰਨ ਵਾਲੇ ਵਿਅਕਤੀ, ਉਨ੍ਰਾਂ ਦੇ ਬੂਟਾਂ, ਕੱਪੜਿਆਂ ਆਦਿ ਦੀ ਸਾਫ਼-ਸਫ਼ਾਈ ਵੱਲ ਉਚੇਚਾ ਧਿਆਨ ਦੇਣਾ ਜ਼ਰੂਰੀ ਹੈ। ਇਸੇ ਤਰ੍ਹਾਂ ਗੱਡੀ/ਮੋਟਰਸਾਈਕਲ ਦੇ ਟਾਇਰਾਂ ਨੂੰ ਫ਼ਾਰਮ ਦੇ ਅੰਦਰ ਆਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਰੋਗਾਣੂ ਮੁਕਤ ਕੀਤਾ ਜਾਵੇ, ਫ਼ਾਰਮ ਦੀ ਰਹਿੰਦ-ਖੂੰਹਦ ਕੂੜੇ ਦਾ ਸਹੀ ਨਿਪਟਾਰਾ ਕਰਨਾ ਅਤੇ ਇਸ ਨੂੰ ਖੁੱਲ੍ਹੇ ਵਿੱਚ ਨਹੀਂ ਸੁੱਟਣਾ ਚਾਹੀਦਾ ਅਤੇ ਇਸ ਤੋਂ ਇਲਾਵਾ ਚਿੱਚੜਾਂ ਦੀ ਸੁਚੱਜੀ ਰੋਕਥਾਮ ਕਰਨੀ ਜ਼ਰੂਰੀ ਹੈ। ਫ਼ਾਰਮ ਤੇ ਬਾਹਰੀ ਵਿਅਕਤੀਆਂ ਦੇ ਆਉਣ ਤੇ ਮੁਕੰਮਲ ਪਾਬੰਦੀ, ਫ਼ਾਰਮਾਂ ਵਿੱਚ ਸੂਰਾਂ ਅਤੇ ਔਜ਼ਾਰਾਂ ਦਾ ਅਦਾਨ-ਪ੍ਰਦਾਨ ਨਾ ਕਰਨਾ, ਮੌਜੂਦਾ ਹਾਲਾਤਾਂ ਵਿੱਚ ਨਵੇਂ ਸੂਰ ਨਾ ਖਰੀਦਣਾ ਜਾਂ ਨਵੇਂ ਖਰੀਦੇ ਜਾਨਵਰਾਂ ਨੂੰ 20 ਦਿਨ ਅਲੱਗ ਰੱਖਣਾ ਅਤੇ ਵਧੇਰੇ ਜਾਣਕਾਰੀ ਲਈ ਆਪਣੇ ਨੇੜਲੇ ਦੇ ਪਸ਼ੂ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਅਡਵਾਈਜ਼ਰੀ ਅਨੁਸਾਰ ਇਹ ਬਿਮਾਰੀ ਮਨੁੱਖਾਂ ਵਿੱਚ ਨਹੀਂ ਹੁੰਦੀ।