ਮਾਨਸਾ 27 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ) : ਕੋਵਿਡ-19 ਦੀ ਬਿਮਾਰੀ ਤੋਂ ਬਚਾਅ ਲਈ ਮੁਕੰਮਲ ਟੀਕਾਕਰਨ ਬਹੁਤ ਜ਼ਰੂਰੀ ਹੈ ਇਸ ਲਈ ਹਰੇਕ ਵਿਅਕਤੀ ਆਪਣਾ ਟੀਕਾਕਰਨ ਜ਼ਰੂਰ ਕਰਵਾਏ। ਇਨਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਜ਼ਸਪ੍ਰੀਤ ਸਿੰਘ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਕੋਵਿਡ ਟੀਕਾਕਰਨ ਕੈਂਪ ਦਾ ਜਾਇਜ਼ਾ ਲੈਂਦਿਆਂ ਕੀਤਾ। ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਭਰ ਵਿੱਚ ਅਤੇ ਪੰਜਾਬ ਦੇ ਕੁਝ ਜ਼ਿਲਿਆਂ ਵਿੱਚ ਪਿਛਲੇ ਕੁਝ ਦਿਨਾਂ ਵਿਚ ਕਰੋਨਾ ਦੇ ਮਰੀਜ਼ਾਂ ਦਾ ਵਾਧਾ ਹੋਇਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਾਅ ਲਈ ਵੈਕਸੀਨੇਸ਼ਨ ਦੀ ਦੂਜੀ ਡੋਜ਼ ਲਾਜ਼ਮੀ ਲਗਾਉਣ ਤਾਂ ਜੋ ਕੋਰੋਨਾ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਜਨਤਕ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਜੇਕਰ ਜਾਣਾ ਹੋਵੇ ਤਾਂ ਮਾਸਕ ਦੀ ਵਰਤੋ ਜ਼ਰੂਰ ਕਰਨੀ ਚਾਹੀਦੀ ਹੈ, ਹੱਥਾਂ ਨੂੰ ਵਾਰ-ਵਾਰ ਸਾਬਣ ਪਾਣੀ ਨਾਲ ਧੋਣਾ, ਸੈਨੀਟਾਈਜ਼ਰ ਦੀ ਵਰਤੋਂ ਕਰਨਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਚਾਹੀਦੀ ਹੈ। ਇਸ ਮੌਕੇ ਜ਼ਿਲਾ ਟੀਕਾਕਰਨ ਅਫ਼ਸਰ ਡਾ. ਰਣਜੀਤ ਸਿੰਘ ਰਾਏ, ਡਾ. ਵਰੁਣ ਮਿਤਲ, ਅਵਤਾਰ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਅਤੇ ਕੰਪਲੈਕਸ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।