ਮਾਨਸਾ, 26 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ): ਜ਼ਿਲੇ ਅੰਦਰ ਕੋਵਿਡ ਕੇਸਾਂ ਦੀ ਗਿਣਤੀ ਨੂੰ ਵਧਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਪ੍ਰਤੀ ਦਿਨ 4 ਹਜ਼ਾਰ ਵੈਕਸੀਨੇਸ਼ਨ ਡੋਜ਼ ਰਹਿੰਦੇ ਲੋਕਾਂ ਨੂੰ ਲਾਜ਼ਮੀ ਲਗਾਈ ਜਾਵੇ, ਤਾਂ ਜੋ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਸ੍ਰੀ ਜਸਪ੍ਰੀਤ ਸਿੰਘ ਨੇ ਜ਼ਿਲਾ ਟੀਕਾਕਾਰਣ ਅਫ਼ਸਰ ਸ੍ਰੀ ਰਣਜੀਤ ਸਿੰਘ ਰਾਏ ਨੂੰ 27 ਅਪ੍ਰੈਲ ਦਿਨ ਬੁੱਧਵਾਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵੈਕਸੀਨੇਸ਼ਨ ਕੈਂਪ ਲਗਾਉਣ ਲਈ ਕਿਹਾ। ਉਨਾਂ ਕਿਹਾ ਕਿ ਜ਼ਿਲੇ ਦੇ ਸ਼ਹਿਰਾਂ ਅਤੇ ਪਿੰਡ ਪੱਧਰ ’ਤੇ ਜਿਨਾਂ ਵਿਅਕਤੀਆਂ ਨੂੰ ਪਹਿਲੀ ਅਤੇ ਦੂਜੀ ਡੋਜ਼ ਲੱਗੀ ਚੁੱਕੀ ਹੈ, ਤੀਜੀ ਬੂਸਟਰ ਡੋਜ਼ ਲਈ ਅਜਿਹੀਆਂ ਥਾਵਾਂ ’ਤੇ ਪਹੁੰਚ ਕਰਕੇ ਲਗਾਉਣ ਲਈ ਵਿਸੇਸ ਕੈਂਪ ਲਗਾਏ ਜਾਣ। ਉਨਾਂ ਕਿਹਾ ਕਿ ਜਿੱਥੇ ਹੁਣ ਤੱਕ ਲੋਕਾਂ ਨੂੰ ਜਾਂ ਸਕੂਲੀ ਬੱਚਿਆਂ ਨੂੰ ਪਹਿਲੀ ਜਾਂ ਦੂਜੀ ਵੈਕਸੀਨ ਡੋਜ਼ ਲੱਗੀ ਹੈ ਜਾਂ ਨਹੀ ਲੱਗੀ ਅਜਿਹੀਆਂ ਥਾਵਾਂ ਦੀਆਂ ਲਿਸਟਾਂ ਬਣਾਈਆ ਜਾਣ, ਤਾਂ ਜੋ ਅਜਿਹੀਆਂ ਥਾਂਵਾਂ ’ਤੇ ਲੋਕਾਂ ਦੇ ਘਰਾਂ ਨੇੜੇ ਕੈਂਪ ਲਗਾਏ ਜਾ ਸਕਣ।
ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੂੰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਕੂਲੀ ਬੱਚਿਆਂ ਨੂੰ ਕੋਵਿਡ ਦੇ ਬਚਾਅ ਸਬੰਧੀ ਜਾਗਰੂਕ ਕਰਨ ਅਤੇ ਵੈਕਸ਼ੀਨੇਸ਼ਨ ਲਈ ਪ੍ਰੇਰਿਤ ਕਰਨ ਦੇ ਆਦੇਸ਼ ਜਾਰੀ ਕੀਤੇ। ਉਨਾਂ ਕਿਹਾ ਕਿ ਮਾਪਿਆ ਨੂੰ ਜਾਣੂ ਕਰਵਾਇਆ ਜਾਵੇ ਕਿ ਵੈਕਸੀਨੇਸ਼ਨ ਨਾਲ ਕੋਰੋਨਾ ਮਹਾਂਮਾਰੀ ਦੇ ਗੰਭੀਰ ਨਤੀਜਿਆਂ ਤੋਂ ਬਚਿਆ ਜਾ ਸਕਦਾ ਹੈ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਕੂਲਾਂ ਅਤੇ ਹੋਰ ਢੁੱਕਵੀਆਂ ਥਾਵਾਂ ਦੀ ਚੋਣ ਕਰਕੇ 30 ਅਪ੍ਰੈਲ ਦਿਨ ਸ਼ਨਿੱਚਰਵਾਰ ਨੂੰ 20 ਕੈਂਪਾਂ ਦਾ ਆਯੋਜਨ ਕਰਕੇ ਰਹਿੰਦੇ ਲੋਕਾਂ ਦਾ ਸ਼ਡਿਊਲ ਅਨੁਸਾਰ ਟੀਕਾਕਰਣ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਜੈ ਅਰੋੜਾ, ਐਸ.ਡੀ.ਐਮ. ਮਾਨਸਾ ਸ੍ਰੀ ਹਰਜਿੰਦਰ ਸਿੰਘ ਜੱਸਲ, ਐਸ.ਡੀ.ਐਮ. ਸਰਦੂਲਗੜ ਮਨੀਸ਼ਾ ਰਾਣਾ, ਐਸ.ਡੀ.ਐਮ. ਬੁਢਲਾਡਾ ਸ੍ਰੀ ਕਾਲਾ ਰਾਮ ਕਾਂਸਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।