ਚੰਡੀਗੜ੍ਹ 24,ਸਤੰਬਰ (ਸਾਰਾ ਯਹਾਂ/ਬਿਊਰੋ ਰਿਪੋਰਟ ): ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਵੱਲੋਂ ਆਪਣੇ ਸੁਰੱਖਿਆ ਅਮਲੇ ਨੂੰ ਘੱਟ ਕਰਨ ਬਾਰੇ ਦਿੱਤੇ ਬਿਆਨ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਐਲਾਨ ਕੇਵਲ ਮੁੱਖ ਮੰਤਰੀ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਤੁਰੰਤ ਪ੍ਰਭਾਵ ਨਾਲ ਹੋਈ ਕਾਰਵਾਈ ਦਿਖਣੀ ਵੀ ਚਾਹੀਦੀ ਹੈ। ਅਰੋੜਾ ਨੇ ਦੇਸ਼ ਦੀ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਨੂੰ ਪ੍ਰਮੁੱਖ ਦੱਸਦਿਆਂ ਕਿਹਾ ਦੇਸ਼ ਦੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਪਰ ਸੂਬੇ ਦੇ ਰਾਜਸੀ ਆਗੂਆਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਦੀ ਗਿਣਤੀ ਦੀ ਸਮੀਖਿਆ ਜ਼ਰੂਰ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਪੁਲੀਸ ਦੇ ਜ਼ਿਆਦਾਤਰ ਮੁਲਾਜ਼ਮ ਰਾਜਸੀ ਆਗੂਆਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਵਿੱਚ ਲੱਗੇ ਹੋਏ ਹਨ। ਥਾਣਿਆਂ ਵਿੱਚ ਪੁਲੀਸ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਕਾਰਨ ਆਮ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਹੈ।
ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਵਿਧਾਇਕ ਅਮਨ ਅਰੋੜਾ ਨੇ ਕਾਂਗਰਸ ਸਰਕਾਰ ਤੋਂ ਸਵਾਲ ਪੁੱਛਿਆ ਕਿ ਚੋਣਾ ਦੇ ਸਮੇਂ ਹੀ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਕਿਉਂ ਪੈਦਾ ਹੋ ਜਾਂਦਾ? ਉਨ੍ਹਾਂ ਕਿਹਾ ਕਿ ਜੇ ਆਮ ਲੋਕਾਂ ਦੀ ਸੁਰੱਖਿਆ ਨੂੰ ਕਿਤੇ ਵੀ ਰਾਸ਼ਟਰ ਵਿਰੋਧੀ ਅਸਮਾਜਿਕ ਤੱਤਾਂ ਤੋਂ ਖ਼ਤਰਾ ਹੈ ਤਾਂ ਫਿਰ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਕੀ ਕਰ ਰਹੀਆਂ ਹਨ? ਅਰੋੜਾ ਨੇ ਚੋਣਾ ਤੋਂ ਠੀਕ ਪਹਿਲਾ ਸੀਮਾ ਪਾਰ ਦੇਸ਼ ਵਿਰੋਧੀ ਤੱਤਾਂ ਦੇ ਸਰਗਰਮ ਹੋਣ ਦੀਆਂ ਆ ਰਹੀਆਂ ਖ਼ਬਰਾਂ ’ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਜੇ ਅਜਿਹਾ ਹੋ ਰਿਹਾ ਹੈ ਤਾਂ ਇਸ ਲਈ ਜ਼ਿੰਮੇਵਾਰ ਕੇਵਲ ਸੂਬਾ ਅਤੇ ਕੇਂਦਰ ਸਰਕਾਰਾਂ ਦੀਆਂ ਖੁਫ਼ੀਆ ਏਜੰਸੀਆਂ ਹਨ।
ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ‘ਆਪ’ ਦੇਸ਼ ਦੀ ਅੰਦੂਰਨੀ ਅਤੇ ਬਾਹਰੀ ਸੁਰੱਖਿਆ ਨਾਲ ਛੇੜਛਾੜ ਕਦੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਦਲੀਲ ਦਿੱਤੀ, ‘‘ਜਦ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਈ ਖ਼ਤਰਾ ਮਹਿਸੂਸ ਨਹੀਂ ਕਰ ਰਹੇ ਤਾਂ ਅੱਤਵਾਦ ਕਿਉਂ ਅਤੇ ਕੌਣ ਪੈਦਾ ਕਰ ਰਿਹਾ? ਰੋਜ਼ ਰੋਜ਼ ਟਿਫਿਨ ਬੰਬ ਕਿਥੋਂ ਆ ਰਹੇ ਹਨ? ਕੀ ਕਾਂਗਰਸ, ਭਾਜਪਾ ਅਤੇ ਬਾਦਲ ਦਲ ਆਪਣੀ ਰਾਜਨੀਤਿਕ ਆਦਤ ਅਨੁਸਾਰ ਚੋਣਾ ਤੋਂ ਪਹਿਲਾਂ ਇੱਕ ਵਿਸ਼ੇਸ਼ ਵਰਗ ਨੂੰ ਡਰਾਉਣ- ਧਮਕਾਉਣ ਲਈ ਡਰ ਦਾ ਮਹੌਲ ਬਣਾ ਰਹੇ ਹਨ?’’
ਅਮਨ ਅਰੋੜਾ ਨੇ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਵੀ ਉਕਤ ਰਾਜਨੀਤਿਕ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਅਜਿਹੇ ਪੈਂਤਰੇ ਦੀ ਵਰਤੋਂ ਕੀਤੀ ਸੀ। ਮੌੜ ਬੰਬ ਧਮਾਕੇ ਦਾ ਮਾਮਲਾ ਇਸ ਦੀ ਸਾਫ਼- ਸਪੱਸ਼ਟ ਉਦਾਰਹਨ ਹੈ। ਜੇ ਇਸ ਮਾਮਲੇ ਵਿੱਚ ਕੋਈ ਸਚਾਈ ਹੈ ਤਾਂ ਪੰਜਾਬ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਮੌੜ ਬੰਬ ਧਮਾਕੇ ਦੀ ਹੁਣ ਤੱਕ ਜਾਂਚ ਕਿਹੜੇ ਕਾਰਨਾਂ ਕਰਕੇ ਪੂਰੀ ਨਹੀਂ ਕੀਤੀ ਗਈ? ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੇ ਸਾਜਿਸ਼ਕਾਰੀਆਂ ਦੀ ਜਾਣਕਾਰੀ ਨੂੰ ਕਿਉਂ ਛੁਪਾ ਕੇ ਰੱਖਿਆ ਗਿਆ ਹੈ ? ‘ਆਪ’ ਨੇ ਚੰਨੀ ਤੋਂ ਮੌੜ ਬੰਬ ਧਮਾਕੇ ਦੀ ਜਾਂਚ ਦੀ ਤਾਜ਼ਾ ਸਥਿਤੀ ਲੋਕਾਂ ਅੱਗੇ ਰੱਖਣ ਦੀ ਮੰਗ ਵੀ ਕੀਤੀ।