*ਸ਼੍ਰੋਮਣੀ ਕਮੇਟੀ ਨੂੰ ਆਮਦਨ ਕਰ ਸੈਕਸ਼ਨ 80-ਜੀ ਤਹਿਤ ਮਿਲੀ ਮਾਨਤਾ, ਦਾਨ ਦੇਣ ਵਾਲੇ ਸ਼ਰਧਾਲੂਆਂ ਨੂੰ ਮਿਲੀ ਰਾਹਤ *

0
14

ਅੰਮ੍ਰਿਤਸਰ (ਸਾਰਾ ਯਹਾਂ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾ ਕਾਰਜਾਂ ਲਈ ਦਾਨ ਦੇਣ ਵਾਲੇ ਸ਼ਰਧਾਲੂ ਹੁਣ ਸੈਕਸ਼ਨ 80-ਜੀ ਤਹਿਤ ਆਮਦਨ ਕਰ ‘ਚ ਛੋਟ ਪ੍ਰਾਪਤ ਕਰ ਸਕਣਗੇ। ਇਸ ਸਬੰਧ ‘ਚ ਬੀਤੇ ਕੱਲ੍ਹ ਇਨਕਮ ਟੈਕਸ ਐਪੀਲੇਟ ਟ੍ਰਿਬਿਊਨਲ ਅੰਮ੍ਰਿਤਸਰ ਨੇ ਸ਼੍ਰੋਮਣੀ ਕਮੇਟੀ ਦੇ ਹੱਕ ‘ਚ ਫੈਸਲਾ ਸੁਣਾਇਆ ਹੈ, ਜਿਸ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਵਾਗਤ ਕੀਤਾ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 12 ਸਾਲ ਪਹਿਲਾਂ 2009 ਤੋਂ ਇਨਕਮ ਟੈਕਸ ਸੈਕਸ਼ਨ 80-ਜੀ ਤਹਿਤ ਰਜਿਸਟ੍ਰੇਸ਼ਨ ਅਤੇ ਆਮਦਨ ਕਰ ‘ਚ ਰਿਬੇਟ ਲਈ ਯਤਨ ਕੀਤੇ ਜਾ ਰਹੇ ਸਨ, ਜਿਸ ਨੂੰ ਹੁਣ ਸਫਲਤਾ ਮਿਲਣ ਨਾਲ ਸੰਗਤ ਦਾਨ ਦੇਣ ’ਤੇ ਛੋਟ ਪ੍ਰਾਪਤ ਕਰ ਸਕੇਗੀ। 

ਉਨ੍ਹਾਂ ਇਸ ਕੇਸ ਦੌਰਾਨ ਸੇਵਾਵਾਂ ਦੇਣ ਵਾਲੇ ਵਕੀਲਾਂ ਤੇ ਮਾਹਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਕ ਨੇਕ ਅਤੇ ਭਲੇ ਦਾ ਫੈਸਲਾ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਲਈ ਐਡਵੋਕੇਟ ਪ੍ਰੇਮ ਸਿੰਘ, ਐਡਵੋਕੇਟ ਗੁਨਜੀਤ ਸਿੰਘ ਸਿਆਲ, ਸੀਏ ਸ. ਗੁਰਚਰਨ ਸਿੰਘ ਸਿਆਲ ਤੇ ਟੀਐਸ ਅਰੋੜਾ ਨੇ ਸੇਵਾਵਾਂ ਦਿੱਤੀਆਂ ਹਨ। 

ਸ. ਧਾਮੀ ਨੇ ਕਿਹਾ ਕਿ 1984 ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਸੈਕਸ਼ਨ 80-ਜੀ ਤਹਿਤ ਮਾਨਤਾ ਲਈ ਜਦੋਜਹਿਦ ਕੀਤੀ ਜਾ ਰਹੀ ਸੀ ਅਤੇ ਸੰਗਤ ਦੀ ਇਸ ਨੂੰ ਲੈ ਕੇ ਵੱਡੀ ਮੰਗ ਸੀ। ਹੁਣ ਮਾਨਤਾ ਮਿਲਣ ਨਾਲ ਸੰਗਤ ਨੂੰ ਵੱਡੀ ਰਾਹਤ ਪ੍ਰਾਪਤ ਹੋਵੇਗੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਅਤੇ ਸਮਾਜ ਭਲਾਈ ਦੇ ਕਾਰਜਾਂ ਲਈ ਸਹਿਯੋਗ ਕਰਨ ਵਾਸਤੇ ਇਸ ਦਾ ਲਾਭ ਪ੍ਰਾਪਤ ਕਰਨ।

LEAVE A REPLY

Please enter your comment!
Please enter your name here