*ਆਜ਼ਾਦੀ ਦਿਹਾੜੇ ਮੌਕੇ ਵਾਤਾਵਰਣ ਅਤੇ ਸਿਹਤ ਮੁੱਦਿਆਂ `ਤੇ ਕੇਂਦਰਤ ਸਾਈਕਲ ਰੈਲੀ ਕਰਵਾਈ ਗਈ*

0
11

ਚੰਡੀਗੜ੍ਹ, 17 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਵਾਤਾਵਰਣ ਅਤੇ ਸਿਹਤ ਸਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਤੋਂ ਇਲਾਵਾ ਸਾਡੇ ਸੰਵਿਧਾਨ ਵਿੱਚ ਦਰਜ ਵਾਤਾਵਰਣ ਸੰਭਾਲ ਦੇ ਸੰਦੇਸ਼ ਨੂੰ ਫੈਲਾਉਣ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਲਈ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।ਇਹ ਸਮਾਗਮ  ਫੋਕਲੋਰ ਫਰਾਟਰਨਿਟੀ ਫੈਡਰੇਸ਼ਨ ਪੰਜਾਬ ਨਾਲ ਜੁੜੇ ਜੁਗਨੀ ਕਲਚਰਲ ਐਂਡ ਯੂਥ ਵੈਲਫੇਅਰ ਕਲੱਬ, ਐਸ.ਏ.ਐਸ. ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਰੈਲੀ ਵਿੱਚ ਟ੍ਰਾਈਸਿਟੀ ਦੇ 150 ਤੋਂ ਵੱਧ ਵਾਤਾਵਰਣ ਅਤੇ ਸਿਹਤ ਪ੍ਰੇਮੀਆਂ ਨੇ ਹਿੱਸਾ ਲਿਆ।ਰੈਲੀ ਨੂੰ ਹਰੀ ਝੰਡੀ ਦਿਖਾਉਂਦਿਆਂ ਅਤੇ ਇਸ ਵਿੱਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਗੁਰਿੰਦਰ ਸਿੰਘ ਸੋਢੀ ਨੇ ਮਿਸ਼ਨ ਦੀਆਂ ਗਤੀਵਿਧੀਆਂ ਨੂੰ ਦਿੱਤੀ ਜਾ ਰਹੀ ਮਹੱਤਤਾ ਬਾਰੇ ਚਾਨਣਾ ਪਾਇਆ ਤਾਂ ਜੋ ਪੰਜਾਬ ਦਾ ਵਾਤਾਵਰਣ ਸਿਹਤਮੰਦ ਬਣ ਸਕੇ। ਉਨ੍ਹਾਂ ਪੰਜਾਬ ਨੂੰ ਦੇਸ਼ ਦਾ ਸਭ ਤੋਂ ਸਿਹਤਮੰਦ ਸੂਬਾ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਦੇ ਉਦੇਸ਼ ਬਾਰੇ ਵੀ ਚਾਨਣਾ ਪਾਇਆ।ਸਾਈਕਲ ਰੈਲੀ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਆਰੰਭ ਹੋਈ ਅਤੇ ਲਗਭਗ 25 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਚੱਪੜਚਿੜੀ, ਐਸਏਐਸ ਨਗਰ ਦੇ ਫਤਿਹ ਬੁਰਜ  ਵਿਖੇ ਜਾ ਕੇ ਸਮਾਪਤ ਹੋਈ। ਸਾਈਕਲ ਸਵਾਰ ਆਪਣੇ ਸਾਈਕਲਾਂ `ਤੇ ਭਾਰਤੀ ਝੰਡੇ ਲਗਾ ਕੇ ਚੱਲੇ। ਪ੍ਰਤੀਭਾਗੀਆਂ ਨੇ ਆਯੋਜਕਾਂ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਟੀ-ਸ਼ਰਟਾਂ ਪਹਿਨੀਆਂ ਜਿਸ ਉੱਤੇ ਮਿਸ਼ਨ ਤੰਦਰੁਸਤ ਪੰਜਾਬ ਦਾ ਲੋਗੋ ਅਤੇ ਮਿਸ਼ਨ ਤੰਦਰੁਸਤ ਪੰਜਾਬ ਦੇ ਅਧੀਨ ਦਸ ਉਪ-ਮਿਸ਼ਨਾਂ ਨੂੰ ਵੱਖ ਵੱਖ ਰੰਗਾਂ ਵਿੱਚ ਛਾਪਿਆ ਗਿਆ ਸੀ।ਇਸ ਮੌਕੇ  ਜੁਗਨੀ ਕਲਚਰਲ ਅਤੇ ਯੂਥ ਵੈਲਫੇਅਰ ਕਲੱਬ, ਐਸਏਐਸ ਨਗਰ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਪ੍ਰਦੂਸ਼ਣ ਘਟਾਉਣ ਅਤੇ ਹਰਿਆਲੀ ਬਾਰੇ ਨਾਟਕ ਅਤੇ ਸਕਿੱਟ ਤੋਂ ਇਲਾਵਾ ਪੰਜਾਬੀ ਲੋਕ ਗੀਤ, ਭੰਗੜਾ ਅਤੇ ਗੱਤਕਾ ਪੇਸ਼ ਕੀਤੇ ਗਏ। ਰੈਲੀ ਦੇ ਅੰਤ ਵਿੱਚ ਰੁੱਖ ਲਗਾਉਣ ਦੀ ਗਤੀਵਿਧੀ ਵੀ ਕੀਤੀ ਗਈ ਅਤੇ ਜੰਗਲਾਤ ਵਿਭਾਗ ਦੁਆਰਾ ਸਾਰੇ ਭਾਗੀਦਾਰਾਂ ਨੂੰ ਦੇਸੀ ਰੁੱਖਾਂ ਦੀਆਂ ਕਿਸਮਾਂ ਦੇ ਬੂਟੇ ਵੀ ਮੁਹੱਈਆ ਕਰਵਾਏ ਗਏ।ਇਸ ਮੌਕੇ ਵਾਤਾਵਰਣ ਅਤੇ ਜਲਵਾਯੂ ਦੇ ਡਾਇਰੈਕਟਰ ਚਾਂਦ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਮਿਸ਼ਨ ਤੰਦਰੁਸਤ ਪੰਜਾਬ ਸੌਰਭ ਗੁਪਤਾ ਨੇ ਫਤਿਹ ਬੁਰਜ ਕੰਪਲੈਕਸ, ਚੱਪੜਚਿੜੀ ਵਿਖੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੇਂ ਰੂਪ ਵਿੱਚ ਉਲੀਕੇ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 5 ਜੂਨ, 2021 ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਕੀਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਨਵੇਂ ਮਿਸ਼ਨ ਦੀਆਂ ਗਤੀਵਿਧੀਆਂ ਸਬੰਧਤ ਵਿਭਾਗਾਂ ਅਧੀਨ ਦਸ ਉਪ-ਮਿਸ਼ਨਾਂ ਦੁਆਰਾ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਮਿਸ਼ਨ ਤੰਦਰੁਸਤ ਪੰਜਾਬ ਦੀਆਂ ਵੱਖ -ਵੱਖ ਵਿਸ਼ੇਸ਼ਤਾਵਾਂ ਵੀ ਸਾਂਝੀਆਂ ਕੀਤੀਆਂ ਅਤੇ ਲੋਕਾਂ ਨੂੰ ਇੱਕ ਮੋਬਾਈਲ ਐਪ `ਤੰਦਰੁਸਤ ਪੰਜਾਬ` ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪ੍ਰਮੁੱਖ ਵਿਗਿਆਨਕ ਅਫ਼ਸਰ-ਕਮ-ਨੋਡਲ ਅਫ਼ਸਰ, ਮਿਸ਼ਨ ਤੰਦਰੁਸਤ ਪੰਜਾਬ ਗੁਰਹਰਮਿੰਦਰ ਸਿੰਘ ਨੇ ਕਿਹਾ ਕਿ ਆਪਣੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਕੱਲੀ ਸਰਕਾਰ ਕਦੇ ਵੀ ਸਾਫ਼ ਅਤੇ ਸਿਹਤਮੰਦ ਵਾਤਾਵਰਣ ਨਹੀਂ ਸਿਰਜ ਸਕਦੀ। ਉਨ੍ਹਾਂ ਨੇ ਇਸ ਗੱਲ `ਤੇ ਵੀ ਜ਼ੋਰ ਦਿੱਤਾ ਕਿ ਵਾਤਾਵਰਣ ਅਤੇ ਜੰਗਲ ਦੀ ਸੰਭਾਲ ਨਾ ਸਿਰਫ ਰਾਜ ਬਲਕਿ ਹਰੇਕ ਵਿਅਕਤੀ ਦਾ ਕਾਰਜ ਹੈੇ।ਜੁਗਨੀ ਕਲਚਰਲ ਅਤੇ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ ਅਤੇ ਮਿਸ਼ਨ ਤੰਦਰੁਸਤ ਪੰਜਾਬ ਲਈ ਸੁਸਾਇਟੀ ਦਾ ਇਸ ਸਮਾਗਮ ਦੇ ਆਯੋਜਨ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਪ੍ਰਤੀਭਾਗੀਆਂ ਨੇ ਵਾਤਾਵਰਣ ਸੰਭਾਲ ਅਤੇ ਪ੍ਰਦੂਸ਼ਣ `ਤੇ ਕਾਬੂ ਪਾਉਣ ਦੀਆਂ ਗਤੀਵਿਧੀਆਂ ਵਿੱਚ ਯੋਗਦਾਨ ਪਾਉਣ ਦਾ ਪ੍ਰਣ ਲਿਆ। ਸਮਾਗਮ ਦੀ ਸਮਾਪਤੀ ਅਸਮਾਨ ਵਿੱਚ ਤਿੰਨ ਰੰਗਾਂ ਦੇ ਗੁਬਾਰੇ ਛੱਡ ਕੇ ਕੀਤੀ ਗਈ।

LEAVE A REPLY

Please enter your comment!
Please enter your name here