ਮਾਨਸਾ 25 ਜੂਨ (ਸਾਰਾ ਯਹਾਂ/ਚਾਨਣ ਦੀਪ ਸਿੰਘ ਔਲਖ) ਸਿਵਲ ਸਰਜਨ ਮਾਨਸਾ ਡਾ ਸੁਖਵਿੰਦਰ ਸਿੰਘ ਅਤੇ ਜਿਲ੍ਹਾ ਐਪੀਡੀਮਾਲੋਜਿਸਟ ਡਾ.ਅਰਸ਼ਦੀਪ ਜੀ ਦੇ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਲੋਕਾਂ ਨੂੰ ਮਲੇਰੀਆ ,ਡੇਂਗੂ ਅਤੇ ਹੋਰ ਮੌਸਮੀ ਬੀਮਾਰੀਆਂ ਤੋਂ ਬਚਾਉਣ ਲਈ ਲਗਾਤਾਰ ਯਤਨ ਕਰ ਰਿਹਾ।ਸਿਹਤ ਵਿਭਾਗ ਦੀ ਪੂਰੀ ਟੀਮ ਹਰ ਘਰ, ਦਫਤਰ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਲੱਗੀ ਹੋਈ ਹੈ। ਹਰ ਘਰ ਦੀਆਂ ਛੱਤਾਂ, ਕਬਾੜ, ਪਾਣੀ ਦੀਆਂ ਟੈਂਕੀਆਂ, ਟਾਇਰਾਂ, ਕੁਲਰਾਂ,ਫਰਿੱਜਾਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਪ੍ਰੰਤੂ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਕੁੱਝ ਲੋਕ ਜਾਣ-ਬੁੱਝ ਕੇ ਅਣਗਹਿਲੀ ਵਰਤ ਰਹੇ ਹਨ। ਅੱਜ ਮਾਨਸਾ ਸ਼ਹਿਰ ਵਿਖੇ ਟੀਮਾਂ ਦੀ ਨਿਗਰਾਨੀ ਕਰਦਿਆਂ ਸਹਾਇਕ ਮਲੇਰੀਆ ਅਫਸਰ ਕੇਵਲ ਸਿੰਘ ਨੇ ਕਿਹਾ ਕਿ ਮਲੇਰੀਆ, ਡੇਂਗੂ ਬੁਖਾਰ ਮੱਛਰ ਦੇ ਕੱਟਣ ਨਾਲ ਹੁੰਦਾ ਹੈ।ਮੱਛਰ ਨੂੰ ਕੰਟਰੋਲ ਕਰਨ ਲਈ ਆਲੇ ਦੁਆਲੇ ਨੂੰ ਕੰਟਰੋਲ ਕਰਨ ਦੀ ਲੋੜ ਹੁੰਦੀ ਹੈ। ਜਿਸ ਲਈ ਮੱਛਰਾਂ ਦੇ ਪੈਦਾ ਹੋਣ ਵਾਲੀਆਂ ਥਾਵਾਂ ਨੂੰ ਕਾਬੂ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮਲੇਰੀਆ, ਡੇਂਗੂ ਦਾ ਮੱਛਰ ਖੜ੍ਹੇ ਪਾਣੀ ਤੇ ਪੈਦਾ ਹੁੰਦਾ ਹੈ ਜਿਸ ਕਰਕੇ ਪਾਣੀ ਦੇ ਬਰਤਨਾਂ ਨੂੰ ਹਰ ਰੋਜ਼ ਸਾਫ ਕਰਕੇ ਜਾਂ ਢੱਕ ਕੇ ਰੱਖਣਾ ਚਾਹੀਦਾ ਹੈ। ਘਰਾਂ ਦੇ ਅੰਦਰ ਅਤੇ ਆਲੇ ਦੁਆਲੇ ਟੁੱਟੇ-ਫੁੱਟੇ ਬਰਤਨ, ਟਾਇਰ, ਟੀਨ ਆਦਿ ਨਾ ਸੁੱਟੇ ਜਾਣ ਕਿਉਂਕਿ ਮਾਦਾ ਮੱਛਰ ਪਾਣੀ ਦੀ ਤਹਿ ਤੇ ਇੱਕੋ ਸਮੇਂ 100 ਤੋਂ 250 ਅੰਡੇ ਦਿੰਦੀ ਹੈ। ਆਂਡਾ ਇਕ ਤੋਂ ਦੋ ਦਿਨਾਂ ਵਿੱਚ ਟੁੱਟ ਜਾਂਦਾ ਹੈ ਅਤੇ ਇੱਕ ਛੋਟਾ ਜਿਹਾ ਜੀਵ ਲਾਰਵਾ ਪੈਦਾ ਹੁੰਦਾ ਹੈ। ਲਾਰਵੇ ਤੋਂ ਪੂਰਾ ਮੱਛਰ ਬਨਣ ਤੇ ਇੱਕ ਹਫਤੇ ਦਾ ਸਮਾਂ ਲਗਦਾ ਹੈ। ਜੇਕਰ ਹਫਤੇ ਵਿਚ ਇਕ ਦਿਨ ਖੜੇ ਪਾਣੀ ਦੀ ਸਫਾਈ ਜਾਂ ਡਰਾਈ-ਡੇ ਰੱਖਿਆ ਜਾਵੇ ਤਾਂ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਾਰ-2 ਚੇਤਾਵਨੀ ਦੇਣ ਤੇ ਵੀ ਲੋਕ ਆਪਣੇ ਘਰਾਂ ਅਤੇ ਆਲੇ ਦੁਆਲੇ ਵੱਲ ਕੋਈ ਧਿਆਨ ਨਹੀਂ ਦੇ ਰਹੇ ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਬੀਮਾਰੀਆਂ ਅਤੇ ਬਾਰਿਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਕਿਸੇ ਵੀ ਘਰ ਵਿੱਚ ਲਾਰਵਾ ਮਿਲਿਆ ਤਾਂ ਤੁਰੰਤ ਨਗਰ ਪਾਲਿਕਾ ਨੂੰ ਸੂਚਿਤ ਕਰਕੇ ਚਲਾਨ ਕੱਟਿਆ ਜਾਵੇਗਾ। ਟੀਮ ਵਿੱਚ ਰਾਮ ਕੁਮਾਰ ਸਿਹਤ ਸੁਪਰਵਾਈਜ਼ਰ, ਕ੍ਰਿਸ਼ਨ ਕੁਮਾਰ ਇੰਸੈਕਟ ਕਲੈਕਟਰ, ਗੁਰਪਿਆਰ ਸਿੰਘ, ਜੀਤ ਸਿੰਘ, ਗਿਆਨੀ ਖਾਨ, ਕ੍ਰਿਸ਼ਨ ਸਿੰਘ ਬਰੀਡਿੰਗ ਚੈਕਰ ਹਾਜਰ ਸਨ।