ਮਾਨਸਾ, 28 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ) : ਕੋਵਿਡ-19 ਤੋਂ ਬਚਾਅ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਲਗਾਤਾਰਤਾ ਵਿੱਚ ਜਾਰੀ ਕੀਤੇ ਹੋਰ ਹੁਕਮਾਂ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ 30 ਅਪ੍ਰੈਲ ਤੋਂ ਪਹਿਲਾਂ ਨਿਰਧਾਰਿਤ ਵਿਆਹ ਸਮਾਗਮ ਸ਼ਾਮ 6 ਤੋਂ ਰਾਤ 9 ਵਜੇ ਤੱਕ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹੇਠ ਕਰਵਾਏ ਜਾ ਸਕਣਗੇ। ਪਰ ਇਨ੍ਹਾਂ ਸਮਾਗਮਾਂ ਵਿੱਚ 20 ਤੋਂ ਜ਼ਿਆਦਾ ਲੋਕਾਂ ਨੂੰ ਵਿਆਹ ਮੌਕੇ ਸ਼ਾਮਲ ਹੋਣ ਦੀ ਪ੍ਰਵਾਨਗੀ ਨਹੀਂ ਹੋਵੇਗੀ ਅਤੇ ਵਿਆਹ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਜ਼ਿਲ੍ਹਾ ਮੈਜਿਸਟਰੇਟ ਜਾਂ ਕਿਸੇ ਹੋਰ ਅਧਿਕਾਰਤ ਅਧਿਕਾਰੀ ਕੋਲੋਂ ਕਰਫਿਊ ਪਾਸ ਜਾਰੀ ਕਰਵਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ 1 ਮਈ ਜਾਂ 1 ਮਈ ਤੋਂ ਬਾਅਦ ਉਲੀਕੇ ਸਾਰੇ ਵਿਆਹਾਂ ਦੇ ਦਿਨ ਤੇ ਸਮੇਂ ਸਬੰਧਤ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਹਦਾਇਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਕੋਵਿਡ ਦੌਰਾਨ ਲੋਕਾਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਜਿਹੜੀਆਂ ਕੁਝ ਜ਼ਰੂਰੀ ਸੇਵਾਵਾਂ ਵਿੱਚ ਛੂਟ ਦਿੱਤੀ ਗਈ ਹੈ ਉਨ੍ਹਾਂ ਵਿੱਚ ਪੋਲਟਰੀ ਉਤਪਾਦਾਂ ਅਤੇ ਮੀਟ ਦੀਆਂ ਦੁਕਾਨਾਂ ਨੂੰ ਵੀ ਸ਼ਾਮਲ ਕਰਦਿਆਂ ਛੂਟ ਦਿੱਤੀ ਗਈ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਹਦਾਇਤ ਕੀਤੀ ਹੈ ਕਿ ਨੈਸ਼ਨਲ ਡਾਇਰੈਕਟਿਵਜ਼ ਫਾਰ ਕੋਵਿਡ-19 ਮੈਨੇਜਮੈਂਟ ਗਾਈਡਲਾਇਨਜ਼, ਐਸ.ਓ.ਪੀ. (ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ) ਅਤੇ ਪੰਜਾਬ ਸਰਕਾਰ ਵੱਲੋਂ ਕੋਵਿਡ ਤੋਂ ਬਚਾਅ ਲਈ ਜਾਰੀ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਘੱਟੋ-ਘੱਟ 6 ਫੁੱਟ ਦੀ ਦੂਰੀ, ਬਾਜ਼ਾਰਾਂ ਅਤੇ ਪਬਲਿਕ ਟਰਾਂਸਪੋਰਟ ਵਿੱਚ ਇੱਕਠ ਨੂੰ ਕੰਟਰੋਲ ‘ਚ ਰੱਖਣਾ, ਮਾਸਕ ਪਾ ਕੇ ਰੱਖਣਾ ਤੇ ਜਨਤਕ ਥਾਵਾਂ ‘ਤੇ ਨਾ ਥੁੱਕਣਾ ਅਦਿ ਨੂੰ ਲਾਗੂ ਕਰਵਾਉਣਾ ਯਕੀਨੀ ਬਣਾਇਆ ਜਾਵੇ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਤੋਂ 60 ਸਜ਼ਾਯੋਗ ਹੋਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ਼ ਆਈ.ਪੀ.ਸੀ. (ਭਾਰਤੀ ਦੰਡਾਵਲੀ) ਦੀ ਧਾਰਾ 188 ਅਧੀਨ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।