ਚੰਡੀਗੜ੍ਹ 16,ਅਪ੍ਰੈਲ (ਸਾਰਾ ਯਹਾਂ /ਬਿਓਰੋ ਰਿਪੋਰਟ): ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਵੀਕਐਂਡ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ।ਚੰਡੀਗੜ੍ਹ ਵਿੱਚ ਅੱਜ ਰਾਤ ਤੋਂ ਸੋਮਵਾਰ ਸਵੇਰ 5 ਵਜੇ ਤੱਕ ਲੌਕਡਾਊਨ ਜਾਰੀ ਰਹੇਗਾ।
ਚੰਡੀਗੜ੍ਹ ਵਿੱਚ ਕਈ ਤਰ੍ਹਾਂ ਦੀਆਂ ਪਾਬੰਧੀਆਂ ਲਾਈਆਂ ਗਈ ਹਨ। ਸਾਰੇ ਸਪਾ ਅਤੇ ਜਿਮ 30 ਅਪਰੈਲ ਤੱਕ ਬੰਦ ਕੀਤੇ ਗਏ ਹਨ।ਇਸ ਦੇ ਨਾਲ ਹੀ ਹਰ ਤਰ੍ਹਾਂ ਦੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਪ੍ਰੋਗਰਾਮ ਤੇ ਰੋਕ ਰਹੇਗੀ।ਚੰਡੀਗੜ੍ਹ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹਵਾਈ ਅੱਡੇ ਤੇ ਵਿਜ਼ਿਟਰਸ ਦੀ ਸ੍ਰਕੀਨਿੰਗ ਹੋਏਗੀ।
ਸੀਨੇਮਾ ਹਾਲ 50 ਫੀਸਦ ਦਰਸ਼ਕਾਂ ਦੇ ਨਾਲ ਹੀ ਚੱਲਣਗੇ।ਇਸ ਦੇ ਨਾਲ ਹੀ ਸਾਰੇ ਸਰਕਾਰੀ ਦਫ਼ਤਰ 30 ਅਪਰੈਲ ਤੱਕ 50 ਫੀਸਦ ਸਮਰੱਥਾ ਨਾਲ ਹੀ ਕੰਮ ਕਰਨਗੇ।ਜਿਨ੍ਹਾਂ ਪ੍ਰੋਗਰਾਮਾਂ ਲਈ ਇਜਾਜ਼ਤ ਮਿਲੇਗੀ ਉਨ੍ਹਾਂ ਦੀ ਇੰਨਡੋਰ ਗਿਣਤੀ 50 ਲੋਕ ਅਤੇ ਆਊਟਡੋਰ ਲਈ 100 ਲੋਕ ਹੋਏਗੀ।
ਚੰਡੀਗੜ੍ਹ ਵਿੱਚ ਸਾਰੀਆਂ ਬੱਸਾਂ 50 ਫੀਸਦੀ ਸਵਾਰੀਆਂ ਦੇ ਨਾਲ ਚੱਲਣਗੀਆਂ।ਚੰਡੀਗੜ੍ਹ ਵਿੱਚ ਲਾਈਬ੍ਰੇਰੀ, ਮਿਊਜ਼ਿਅਮ ਅਤੇ ਕੋਚਿੰਗ ਸੈਂਟਰ ਬੰਦ ਕੀਤੇ ਗਏ ਹਨ।ਲੌਕਡਾਊਨ ਦੇ ਦੌਰਾਨ ਵੀ ਟੀਕਾਕਰਨ ਜਾਰੀ ਰਹੇਗਾ।ਇਹ ਨਵੇਂ ਆਦੇਸ਼ 30 ਅਪਰੈਲ ਤੱਕ ਜਾਰੀ ਰਹਿਣਗੇ।