ਬੁਢਲਾਡਾ 14,ਦਸੰਬਰ (ਸਾਰਾ ਯਹਾ /ਅਮਨ ਮਹਿਤਾ) – ਨਗਰ ਸੁਧਾਰ ਸਭਾ ਬੁਢਲਾਡਾ ਆਗਾਮੀ ਨਗਰ ਕੌਂਸਲ ਚੋਣਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ ਅਤੇ ਦਸੰਬਰ ਦੇ ਅਖੀਰਲੇ ਹਫਤੇ ਸ਼ਹਿਰ ਦਾ ਜਨਰਲ ਹਾਊਸ ਬੁਲਾਕੇ ਪੂਰੀ ਸਕਤੀ ਨਾਲ ਮੁਹਿੰਮ ਸ਼ੁਰੂ ਕਰ ਦੇਵੇਗੀ । ਇਹ ਫੈਸਲਾ ਅੱਜ ਨਗਰ ਸੁਧਾਰ ਸਭਾ ਦੇ ਆਗੂਆਂ ਦੀ ਮੀਟਿੰਗ ਵਿੱਚ ਲਿਆ ਗਿਆ । ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਨਗਰ ਸੁਧਾਰ ਸਭਾ ਦੇ ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਸੰਸਥਾ ਵੱਲੋਂ ਸ਼ਹਿਰ ਵਿੱਚ ਛੇਤੀ ਦਫ਼ਤਰ ਖੋਲ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਨਗਰ ਸੁਧਾਰ ਸਭਾ ਦੀ ਅਗਵਾਈ ਵਿੱਚ ਜੁਲਾਈ-ਅਗਸਤ 2018 ਵਿੱਚ ਬਹੁਤ ਵੱਡਾ ਸੰਘਰਸ਼ ਵਿੱਢਿਆ ਸੀ , ਜਿਸ ਦੇ ਫਲਸਰੂਪ ਸ਼ਹਿਰ ਵਿੱਚ ਸੜਕਾਂ ਅਤੇ ਹੋਰ ਵਿਕਾਸ ਕਾਰਜ ਹੋਏ ਹਨ ਪਰੰਤੂ ਨਗਰ ਕੌਂਸਲ ਬੁਢਲਾਡਾ ਦੀ ਕਾਰਗੁਜ਼ਾਰੀ ਵਿੱਚ ਕੋਈ ਬਦਲਾਅ ਨਹੀਂ ਆਇਆ। ਇਸ ਕਰਕੇ ਨਗਰ ਸੁਧਾਰ ਸਭਾ ਇਸ ਵਾਰ ਇਹ ਬੀੜਾ ਉਠਾਵੇਗੀ ਕਿ ਇਨ੍ਹਾਂ ਚੌਣਾਂ ਵਿੱਚ ਸਾਫ਼-ਸੁਥਰੇ ਕਿਰਦਾਰ ਵਾਲੇ , ਸ਼ਹਿਰ ਪ੍ਰਤੀ ਨਿਰਸੁਆਰਥ ਸਮੱਰਪਣ ਦੀ ਭਾਵਨਾ ਰੱਖਣ ਵਾਲੇ ਅਤੇ ਇਮਾਨਦਾਰ ਵਿਅਕਤੀਆਂ ਨੂੰ ਜਿਤਾਇਆ ਜਾਵੇ । ਉਨ੍ਹਾਂ ਦੱਸਿਆ ਕਿ ਸੰਸਥਾ ਪ੍ਰਤੀ ਸ਼ਹਿਰਵਾਸੀਆਂ ਦਾ ਕਾਫ਼ੀ ਝੁਕਾਅ ਹੈ ਅਤੇ ਜਨਤਾ ਨਗਰ ਸੁਧਾਰ ਸਭਾ ਬੁਢਲਾਡਾ ਨੂੰ ਆਸ ਦੀ ਕਿਰਨ ਵਜੋਂ ਦੇਖਦੀ ਅਤੇ ਸਵੀਕਾਰਦੀ ਹੈ। ਇਸ ਮੌਕੇ ‘ਤੇ ਸੰਸਥਾ ਦੇ ਪ੍ਰਧਾਨ ਪ੍ਰੇਮ ਸਿੰਘ ਦੋਦੜਾ ਨੇ ਕਿਹਾ ਕਿ ਸਭਾ ਸ਼ਹਿਰ ਦੇ ਵਾਰਡਾਂ ਵਿੱਚ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਹੀ ਉਮੀਦਵਾਰ ਦੇਵੇਗੀ , ਕਿਸੇ ਵੀ ਵਾਰਡ ਵਿੱਚ ਉਮੀਦਵਾਰ ਲੋਕਾਂ ‘ਤੇ ਥੋਪਿਆ ਨਹੀਂ ਜਾਵੇਗਾ । ਸ: ਦੋਦੜਾ ਨੇ ਕਿਹਾ ਕਿ ਸਭਾ ਇੱਕ ਪੈਂਫਲਿਟ ਕੱਢਕੇ ਸ਼ਹਿਰਵਾਸੀਆਂ ਨੂੰ ਅਪੀਲ ਕਰੇਗੀ ਅਤੇ ਭ੍ਰਿਸ਼ਟ ਲੋਕਾਂ ਦੇ ਬੱਖੀਏ ਵੀ ਉਧੇੜੇਗੀ। ਮੀਟਿੰਗ ਵਿੱਚ ਮਤਾ ਪਾਸ ਕਰਕੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ਼ ਆਰੰਭੇ ਸੰਘਰਸ਼ ਦਾ ਸਮੱਰਥਨ ਕੀਤਾ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ ਸਾਰੀਆਂ ਕਿਸਾਨੀ ਮੰਗਾਂ ਮੰਨੀਆਂ ਜਾਣ । ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਾਜ ਕੁਮਾਰ ਬੋੜਾਵਾਲੀਆ , ਪਵਨ ਨੇਵਟੀਆ , ਐਡਵੋਕੇਟ ਸ਼ੂਸ਼ੀਲ ਬਾਂਸਲ ,ਸੁਰਜੀਤ ਸਿੰਘ ਟੀਟਾ , ਲਵਲੀ ਕਾਠ , ਸੋਨੂੰ ਕੋਹਲੀ , ਰਾਕੇਸ ਘੱਤੂ , ਮਾ.ਰਘੂਨਾਥ ਸਿੰਗਲਾ , ਅਵਤਾਰ ਸਿੰਘ ਸੇਵਾਮੁਕਤ ਹੌਲਦਾਰ , ਵਿਸ਼ਾਲ ਰਿਸ਼ੀ , ਅਮਿਤ ਜਿੰਦਲ ਆਦਿ ਸ਼ਾਮਲ ਹੋਏ।