ਭੀਖੀ 21ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ): ਸਰਕਾਰੀ ਸੈਕੰਡਰੀ ਸਕੂਲ ਬੀਰ ਹੋਡਲਾਂ ਕਲਾਂ ਵਿਖੇ ਅੱਠਵੀਂ ਕਲਾਸ ਚ ਪੜ੍ਹਦੀ ਵਿਦਿਆਰਥਣ ਖੁਸ਼ਬੀਰ ਮੱਟੂ ਨੇ ਅਪਣਾ 13 ਵਾਂ ਜਨਮ ਦਿਵਸ ਫੇਸਬੁੱਕ ਤੇ ਲਾਈਵ ਹੋਕੇ ਮਨਾਇਆ, ਇਹ ਜਨਮ ਦਿਨ ਉਸ ਨੇ ਕੋਈ ਕੇਕ ਕੱਟਕੇ ਜਾਂ ਟਿੱਕਟੋਂਕ ਤੇ ਕੋਈ ਗਾਣਾ ਫਿਲਮਾਕੇ ਨਹੀਂ ਮਨਾਇਆ,ਸਗੋਂ ਛੋਟੀ ਉਮਰੇ ਅਪਣੀ ਲਿਖੀ ਕਵਿਤਾ ਰਾਹੀਂ ਭਾਵਪੂਰਤ ਸਨੇਹਾ ਦਿੱਤਾ ਕਿ ਕੁੱਖ ਚ ਧੀਆਂ ਨੂੰ ਕਤਲ ਕਰਨ ਵਾਲਿਓ ,ਹਣ ਧੀਆਂ ਕਿਸੇ ਗੱਲੋਂ ਘੱਟ ਨਹੀਂ,ਆਪਣੀ ਸੋਚ ਬਦਲੋ।
ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਅਤੇ ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ਇਸ ਹੋਣਹਾਰ ਬੱਚੀ ਦਾ ਪਿਤਾ ਮੱਖਣ ਬੀਰ ਅਤੇ ਮਾਤਾ ਕੁਲਵੰਤ ਕੌਰ ਅਪਣੀ ਧੀ ਦੀ ਉਸਾਰੂ ਸੋਚ ਤੋਂ ਬਾਗੋਬਾਗ ਹਨ,ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬੱਚੀ ਨੂੰ ਪੁੱਤਾਂ ਨਾਲੋ ਵੀ ਵੱਧਕੇ ਪਿਆਰ ਦਿੱਤਾ ਹੈ,ਤੇ ਉਹ ਨਿਤ ਦਿਨ ਮਾਪਿਆਂ ਦਾ ਮਾਣ ਵਧਾ ਰਹੀ ਹਾਂ ਅਤੇ ਹੋਰਨਾਂ ਮਾਪਿਆਂ ਤੇ ਧੀਆਂ ਲਈ ਵੀ ਪ੍ਰੇਰਨਾ ਬਣ ਰਹੀਂ ਹੈ। ਬੀਰ ਹੋਡਲਾਂ ਕਲਾਂ ਦਾ ਸਾਹਿਤਕਾਰ ਅਧਿਆਪਕ ਕਰਨੈਲ ਵੈਰਾਗੀ ਦੂਹਰੀ ਖੁਸ਼ੀ ਮਨਾ ਰਿਹਾ ਹੈ,ਉਸ ਦਾ ਕਹਿਣਾ ਹੈ ,ਇਸ ਬੱਚੀ ਦਾ ਪਿਤਾ ਮੱਖਣ ਬੀਰ ਵੀ ਉਸ ਦਾ ਵਿਦਿਆਰਥੀ ਰਿਹਾ ਹੈ,ਜੋ ਅੱਜਕੱਲ ਆਦਰਸ਼ ਸਕੂਲ ਬੋਹਾ ਵਿਖੇ ਪੜ੍ਹਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਅਧਿਆਪਕ ਲਈ ਇਸ ਤੋਂ ਵੱਡੀ ਖੁਸ਼ੀ ਤੇ ਤਸੱਲੀ ਕੀ ਹੋ ਸਕਦੀ ਹਨ,ਉਸ ਦੇ ਵਿਦਿਆਰਥੀ ਪਿਓ,ਧੀ ਅਦਰਸ਼ਵਾਦੀ ਸੋਚ ਨੂੰ ਅਪਣਾਕੇ ਸਮਾਜ ਨੂੰ ਇਕ ਨਵਾਂ ਸਨੇਹਾ ਦੇ ਰਹੇ ਹਨ।
ਇਸ ਵਿਦਿਆਰਥਣ ਦੀ ਸੋਚ ਤੋਂ ਸਿੱਖਿਆ ਵਿਭਾਗ ਵੀ ਬਾਗੋਬਾਗ ਹੈ,ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਾਨਸਾ ਸੁਰਜੀਤ ਸਿੰਘ ਸਿੱਧੂ ਨੇ ਇਸ ਬੱਚੀ ਦੇ ਘਰ ਫੋਨ ਕਰਦਿਆਂ ਉਸ ਨੂੰ ਜਨਮ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ,ਉਸ ਨੂੰ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਉਸਾਰੂ ਸੋਚ ਲਈ ਹੱਲਾਸ਼ੇਰੀ ਦਿੱਤੀ। ਉਨ੍ਹਾਂ ਗੱਲ ਤੇ ਖੁਸ਼ੀ ਜ਼ਾਹਿਰ ਕੀਤੀ ਕਿ ਉਨ੍ਹਾਂ ਦੇ ਸਕੂਲਾਂ ਦੀਆਂ ਵਿਦਿਆਰਥਣਾਂ ਨਵੀਆਂ ਤੇ ਉਸਾਰੂ ਪਿਰਤਾਂ ਪਾ ਰਹੀਆਂ ਹਨ,ਜਿਸ ਲਈ ਉਨ੍ਹਾਂ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ। ਉਪ ਜ਼ਿਲ੍ਹਾ ਸਿੱਖਿਆ ਅਫਸਰ ਜਗਰੂਪ ਭਾਰਤੀ ,ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਲਾਭ ਸਿੰਘ, ਬੀਰ ਹੋਡਲਾ ਕਲਾਂ ਸਕੂਲ ਦੇ ਪ੍ਰਿੰਸੀਪਲ ਇਕਬਾਲ ਸਿੰਘ ਧਾਲੀਵਾਲ,ਜ਼ਿਲ੍ਹਾ ਗਾਈਡੈਂਸ ਤੇ ਕੌਸਲਰ ਨਰਿੰਦਰ ਸਿੰਘ ਮੋਹਲ ਨੇ ਵੀ ਇਸ ਨਿਵੇਕਲੀ ਪਿਰਤ ਤੇ ਮਾਣ ਮਹਿਸੂਸ ਕੀਤਾ । ਇਲਾਕੇ ਭਰ ਚ ਇਸ ਨਵੀਂ ਪਿਰਤ ਦੀ ਚਰਚਾ ਹੈ।