22 ਨਵੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਕਈ ਸਾਲ ਪਹਿਲਾਂ ਮਾਨਸਾ ਦੇ ਓਵਰ ਬਰਿੱਜ ਕੋਲ ਚਮੜਾ ਸਫਾਈ ਦੀਆਂ ਫੈਕਟਰੀਆਂ ਹੁੰਦੀਆਂ ਸਨ। ਫਾਟਕ ਬੰਦ ਹੋਣ ਕਾਰਨ ਜਿਸ ਕਿਸੇ ਨੂੰ ਵੀ ਇਸ ਥਾਂ ਰੁਕਣਾ ਪੈ ਜਾਂਦਾ ਸੀ ਉਹ ਗੰਦੀ ਮੁਸ਼ਕ ਕਾਰਨ ਤੌਬਾ ਤੌਬਾ ਕਰ ਉਠਦਾ। ਇਸ ਬਾਰੇ ਮਾਨਸਾ ਦੇ ਪੁਰਾਣੇ ਬੰਦੇ ਚੰਗੀ ਤਰ੍ਹਾਂ ਜਾਣਦੇ ਹਨ ਪਰ ਹੁਣ ਉਸੇ ਤਰ੍ਹਾਂ ਦੀ ਗੰਦਗੀ ਗਲੀ ਗਲੀ ਫਿਰਦੀ ਹੈ ਪਰ ਮਾਨਸਾ ਵਾਲੇ ਚੁੱਪ ਚਾਪ ਸਭ ਸਹਿਣ ਕਰ ਰਹੇ ਹਨ। ਪਿਛਲੇ ਕਈ ਮਹੀਨੇ ਤੋਂ ਮਾਨਸਾ ਦੇ ਹਰ ਵਾਰਡ ਵਿੱਚ ਗੂੰਹ ਮੂਤ ਵਾਲਾ ਗੰਦਾ ਪਾਣੀ ਘੁੰਮ ਰਿਹਾ ਹੈ। ਲੋਕ ਘਰਾਂ ਵਿੱਚ ਗੰਦੇ ਪਾਣੀ ਨੇ ਬੰਧਕ ਬਣਾਏ ਹੋਏ ਹਨ । ਬੱਚੇ, ਬਜੁਰਗ ਤੇ ਾਔਰਤਾਂ ਘਰਾਂ ਵਿੱਚੋਂ ਬਾਹਰ ਜਾਣ ਤੋਂ ਡਰਦੇ ਹਨ। ਮਸਲੇ ਦੇ ਹੱਲ ਕਈ ਵਾਰ ਸੰਘਰਸ਼ ਵੀ ਹੋਏ ਪਰ ਨਤੀਜੇ ਲਾਰੇ ਲੱਪੇ ਵਾਲੇ ਹੀ ਰਹੇ । ਝਾੜੂ ਵਾਲੀ ਪਾਰਟੀ ਦਾ ਝਾੜੂ ਮਾਨਸਾ ਦਾ ਗੰਦ ਹੂੰਝਣ ਵਿੱਚ ਅਸਫਲ ਰਿਹਾ।
ਗੱਲ ਤਣ ਪੱਤਣ ਨਹੀਂ ਲੱਗੀ ਤਾਂ ਹੁਣ ਫੇਰ ਮਾਨਸਾ ਦੇ ਚਾਰ ਐਮ ਸੀ ਲੋਕ ਅਵਾਜ ਬਣਕੇ ਧਰਨੇ ‘ਤੇ ਬੈਠ ਗਏ। ਵਾਰਡ ਨੰਬਰ ਸੱਤ ਦੇ ਐਮ ਸੀ ਅਮਿ੍ਤ ਪਾਲ ਗੋਗਾ ਸਮੇਤ ਨਗਰ ਕੌਂਸਲ ਦੇ ਮੀਤ ਪ੍ਰਧਾਨ ਰਾਮਪਾਲ ਸਿੰਘ , ਵਾਰਡ ਨੰਬਰ ਇੱਕ ਤੋਂ ਅਜੀਤ ਸਿੰਘ ਸਰਪੰਚ ਵਾਰਡ ਨੰਬਰ 11 ਤੋਂ ਹੰਸਾ ਸਿੰਘਬ ਨੇ ਸੇਵਾ ਸਿੰਘ ਠੀਕਰੀਵਾਲ ਚੌਂਕ ਵਿੱਚ ਝੰਡੇ ਗੱਡ ਰੱਖੇ ਹਨ ਪਰ ਦੁੱਖ ਹੈ ਕਿ ਗੰਦਗੀ ਦੇ ਢੇਰਾਂ ਤੇ ਚਿੱਕੜ ‘ਚ ਰਹਿਣ ਵਾਲੇ ਲੋਕਾਂ ਦਾ ਸਹਿਯੋਗ ਨਾਮਾਤਰ ਹੈ। ਸਵਾਲ ਉੱਠਦਾ ਹੈ ਕਿ ਮਾਨਸਾ ਵਾਲਿਆਂ ਦੇ ਨੱਕ ਹੀ ਮਰ ਗਏ ਹਨ ਕਿ ਉਨ੍ਹਾਂ ਨੂੰ ਗੰਦੇ ਪਾਣੀ ਦੀ ਬਦਬੋ ਤੱਕ ਨਹੀਂ ਆ ਰਹੀ ਜਾਂ ਕੋਈ ਹੋਰ ਗੱਲ ਹੈ। ਗੱਲ ਤਾਂ ਕੋਈ ਨਾ ਕੋਈ ਜਰੂਰ ਹੈ ਨਹੀਂ ਗਲੀ ਗਲੀ ਫਿਰਦਾ ਗੰਦ ਕਿਸਨੂੰ ਨਹੀਂ ਦਿਸਦਾ। ਹੋ ਸਕਦੈ ਪੜ੍ਹੇ ਲਿਖੇ ਸ਼ਹਿਰੀਆਂ ਨੇ ਮਨ ਵਿੱਚ ਹੀ ਫੈਸਲਾ ਕਰ ਲਿਆ ਹੋਵੇ ਕਿ ਦੜ ਵੱਟ ਜਮਾਨਾ ਕੱਟ ਭਲੇ ਦਿਨ ਆਪਣੇ ਹੀ ਆ ਜਾਣਗੇ । ਇਹ ਵੀ ਹੋ ਸਕਦੈ ਕਿ ਬਹੁਤੇ ਲੋਕਾਂ ਨੇ ਵਿਸ਼ੇਸ਼ ਕਿਸਮ ਦੀਆਂ ਐਨਕਾਂ ਲਗਾ ਕੇ ਚਿੱਕੜ ਨੂੰ ਹੀ ਪਵਿੱਤਰ ਜਲ ਵਰਗਾ ਦਿਸਣ ਲਾ ਲਿਆ ਹੋਵੇ। ਹੋ ਸਕਦੈ ਇਹ ਐਨਕਾਂ ਗੰਦੇ ਪਾਣੀ ਵਿੱਚੋਂ ਸਲਵਾਰਾਂ ਚੁੱਕ ਚੁੱਕ ਲੰਘਦੀਆਂ ਔਰਤਾਂ ਤੇ ਚਿੱਕੜ ‘ਚ ਡਿਗਦੇ ਬੱਚਿਆਂ ਨੂੰ ਦਿਸਣ ਹੀ ਨਾ ਦਿੰਦੀਆਂ ਹੋਣ ।ਇਹ ਵੀ ਤਾਂ ਹੋ ਸਕਦਾ ਹੈ ਕਿ ਵਿਸ਼ੇਸ਼ ਕਿਸਮ ਦੇ ਮਾਸਕ ਗੰਦਗੀ ਦੀ ਮੁਸ਼ਕ ਹੀ ਨਾ ਆਉਂਣ ਦਿੰਦੇ ਹੋਣ।ਕੋਈ ਨਾ ਕੋਈ ਕੌਤਕ ਤਾਂ ਜਰੂਰ ਹੋਇਐ ਨਹੀਂ ਦੋ ਲੱਖ ਤੋਂ ਵੀ ਜਿਆਦਾ ਸਿਰ ਐਨਾ ਸਬਰ ਕਿਵੇਂ ਕਰ ਸਕਦੇ ਨੇ । ਇਹ ਵੀ ਹੋ ਸਕਦੈ ਲਾਰਿਆਂ ਦੀ ਭਭੂਤੀ ਦੇਣ ਵਾਲਿਆਂ ਨੇ ਲੋਕਾਂ ਨੂੰ ਯਕੀਨ ਦਿਵਾ ਦਿੱਤਾ ਹੋਵੇ ਕਿ ਕਮਲ ਦਾ ਫੁੱਲ ਖਿੜਾਉਂਣ ਲਈ ਚਿੱਕੜ ਜਰੂਰੀ ਹੁੰਦੈ । ਗੱਲ ਤਾਂ ਅੰਦਰ ਵਾਲੀ ਜਰੂਰ ਕੋਈ ਵੱਡੀ ਹੈ ਨਹੀਂ ਕਚਹਿਰੀ ਰੋਡ ‘ਤੇ ਸਥਿੱਤ ਕਾਮਰੇਡ ਬੂਟਾ ਸਿੰਘ ਵਾਲੀ ਗਲ਼ੀ ਤਾਂ ਮੰਗਤੇ ਵੀ ਨਹੀਂ ਜਾਂਦੇ ਅਖੇ ਗੰਦੇ ਪਾਣੀ ‘ਚੋਂ ਮੁਸ਼ਕ ਮਾਰਦੀ ਹੈ। ਹੁਣ ਤਾਂ ਮਾਨਸਾ ਕੈਂਚੀਆਂ ਵਾਲੇ ਗੋਲ ਚੌਂਕ ਦੇ ਬਠਿੰਡੇ ਵਾਲੇ ਪਾਸੇ ਵੀ ਜਲ ਦੇਵਤਾ ਦਾ ਕਬਜਾ ਹੈ।
ਮੁਆਫ ਕਰਨਾ ਮਾਨਸਾ ਵਾਸੀਓ ਕਿਤੇ ਗੁੱਸਾ ਨਾ ਕਰ ਜਾਇਓ ਭਾਈ ਮੈਂ ਤਾਂ ਖਿਆਲਾ ਕਲਾਂ ਤੋਂ ਤੁਹਾਡਾ ਗੁਆਂਢੀ ਹੋਣ ਕਰਕੇ ਚਾਰ ਅੱਖਰ ਊਈਂ ਲਿਖ ਦਿੱਤੇ ਨੇ ਨਹੀਂ ਮੇਰੀ ਕਿਹੜਾ ਬੱਕੀ ਦੀ ਪੂਛ ਲਿੱਬੜਦੀ ਹੈ ਮਾਨਸਾ ਦੇ ਸੀਵਰੇਜ ਵਾਲੇ ਸਾਫ ਪਾਣੀ ਨਾਲ।