*8000 ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੇਗੀ ਨੇਕੀ ਫਾਉਂਡੇਸ਼ਨ*

0
23

ਬੁਢਲਾਡਾ 17 ਮਈ (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਵੱਲੋਂ ਆਪਣੇ ਪ੍ਰੋਜੈਕਟ ਨੇਕੀ ਫ਼ਾਰ ਸਟੂਡੈਂਟਸ ਤਹਿਤ ਇਸ ਸਾਲ ਕਰੋਨਾ ਮਹਾਂਮਾਰੀ ਦੌਰਾਨ ਨਵੀਂ ਮੁਹਿੰਮ “ਡਾਇਲ ਨੇਕੀ ਫਾਰ ਨੋਟਬੁਕ” ਚਲਾਈ ਹੈ, ਜਿਸਦਾ ਆਗਾਜ਼ ਅੱਜ ਸਥਾਨਕ ਸਬ ਡਿਵੀਜ਼ਨ ਮੈਜਿਸਟ੍ਰੇਟ  ਸਰਬਜੀਤ ਕੌਰ ਵੱਲੋਂ ਕੀਤਾ ਗਿਆ। ਜਿੱਥੇ ਕਰੋਨਾ ਮਹਾਂਮਾਰੀ ਦੇ ਚਲਦਿਆਂ ਆਰਥਿਕ ਮੰਦਹਾਲੀ ਕਰਕੇ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ ਖ਼ਰੀਦਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਇਸ ਮੁਹਿੰਮ ਤਹਿਤ ਪਹਿਲੀ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਦੇ ਲੋੜਵੰਦ ਵਿਦਿਆਰਥੀਆਂ ਨੂੰ ਨੇਕੀ ਫਾਉਂਡੇਸ਼ਨ ਵੱਲੋਂ ਕਾਪੀਆਂ ਵੰਡੀਆਂ ਜਾਣਗੀਆਂ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਰਾਹੀਂ ਇਲਾਕੇ ਦੇ ਪਿੰਡਾਂ-ਸ਼ਹਿਰਾਂ ਦੇ 80 ਤੋਂ ਵੱਧ ਸਕੂਲਾਂ ਦੇ 8000 ਵਿਦਿਆਰਥੀਆਂ ਨੂੰ ਲਾਭ ਮਿਲੇਗਾ। ਉਹਨਾਂ ਦੱਸਿਆ ਕਿ ਇਹ ਕਾਪੀਆਂ ਵੱਖ ਵੱਖ ਦਾਨੀਆਂ ਦੇ ਸਹਿਯੋਗ ਨਾਲ ਸੰਸਥਾ ਦੇ ਟਾਇਟਲ ਹੇਠ ਤਿਆਰ ਕਰਵਾਈਆਂ ਗਈਆਂ ਹਨ, ਜਿਹਨਾਂ ਨੂੰ ਕਲਾਸਾਂ ਦੇ ਹਿਸਾਬ ਨਾਲ ਸੈੱਟ ਬਣਾਕੇ ਵੰਡਿਆ ਜਾਵੇਗਾ। ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਇੱਕ ਹੈਲਪਲਾਈਨ ਨੰਬਰ 8558971000 ਜ਼ਾਰੀ ਕੀਤਾ ਗਿਆ ਹੈ, ਜਿਸ ਉੱਤੇ ਬੁਢਲਾਡਾ ਤਹਿਸੀਲ ਦੇ ਕੋਈ ਵੀ ਪਿੰਡ ਦਾ ਕਲੱਬ, ਸਕੂਲ ਅਤੇ ਸਮਾਜ ਸੇਵੀ ਸੰਸਥਾਵਾਂ ਸੰਪਰਕ ਕਰਕੇ, ਆਪਣੇ ਪਿੰਡਾਂ ਦੇ ਵਿਦਿਆਰਥੀਆਂ ਲਈ ਕਾਪੀਆਂ ਦੀ ਮੰਗ ਕਰ ਸਕਦੇ ਹਨ। ਇਸਤੋਂ ਇਲਾਵਾ ਸ਼ਹਿਰ ਦੇ ਵਿਦਿਆਰਥੀਆਂ ਦੇ ਮਾਪੇ ਉਕਤ ਨੰਬਰ ਉੱਤੇ ਕਾਲ ਕਰਕੇ ਇੱਕ ਓਟੀਪੀ ਪ੍ਰਾਪਤ ਕਰਕੇ ਸੰਸਥਾ ਵੱਲੋਂ ਨਿਰਧਾਰਤ ਸਥਾਨਾਂ ਤੋਂ ਇਹ ਕਾਪੀਆਂ ਪ੍ਰਾਪਤ ਕਰ ਸਕਦੇ ਹਨ। ਪ੍ਰਾਈਵੇਟ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਲਈ ਵੀ ਇਹ ਸਕੀਮ ਰਹੇਗੀ। ਮੈਡਮ ਸਰਬਜੀਤ ਕੌਰ ਨੇ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਚਲਾਏ ਜਾ ਰਹੇ ਲੋਕ ਭਲਾਈ ਦੇ ਕਾਰਜ, ਕਰੋਨਾ ਮਹਾਂਮਾਰੀ ਵਿੱਚ ਲੋਕਾਂ ਨੂੰ ਦਿੱਤੀ ਜਾ ਰਹੀ ਰਾਹਤ, ਆਕਸੀਮੀਟਰ ਬੈਂਕ ਸੇਵਾਵਾਂ ਆਦਿ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ। ਕਰੋਨਾ ਮਹਾਂਮਾਰੀ ਕਾਰਨ ਉਹਨਾਂ ਬੱਚਿਆਂ ਦੀ ਥਾਂ ਉਹਨਾਂ ਦੇ ਮਾਪਿਆਂ ਨੂੰ ਇਹ ਕਾਪੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਮਾਹਾਮਾਰੀ ਦੇ ਚਲਦਿਆਂ ਬਿਨਾਂ ਕਿਸੇ ਤਾਲਮੇਲ ਇਕੱਠ ਅਤੇ ਇਸ ਮਹਾਂਮਾਰੀ ਦੇ ਇਤਿਆਤਾ ਦੀ ਪਾਲਣਾ ਕਰਦੇ ਹੋਏ ਇਹ ਕਾਪੀਆਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਘਰ ਤੱਕ ਪਹੁੰਚਾਈਆਂ ਜਾਣਗੀਆਂ।  ਇੱਥੇ ਜ਼ਿਕਰਯੋਗ ਇਹ ਵੀ ਹੈ ਕਿ ਨੇਕੀ ਫਾਉਂਡੇਸ਼ਨ ਵੱਲੋਂ ਇਸਤੋਂ ਪਹਿਲਾਂ 5700 ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ ਸੀ। ਸੰਸਥਾ ਵੱਲੋਂ ਸਮੂਹ ਪੰਚਾਇਤਾਂ, ਜੀਓਜੀ, ਕਲੱਬਾਂ, ਕੌਂਸਲਰਾਂ ਅਤੇ ਅਧਿਆਪਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ। ਇਸ ਮੋਕੇ ਸੰਸਥਾ ਦੇ ਮੈਂਬਰ ਹਾਜ਼ਰ ਸਨ। 

NO COMMENTS