*8 ਜੂਨ ਨੂੰ ਹੋਏਗੀ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ, ਅੱਜ ਪਰਿਵਾਰ ਨੇ ਫੁੱਲ ਚੁਗੇ*

0
172

ਮਾਨਸਾ 01,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼)  : ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਅੱਜ ਉਸ ਦੇ ਫੁੱਲ ਚੁਗੇ ਗਏ ਤੇ ਫੁੱਲਾਂ ਨੂੰ ਜਲ ਪ੍ਰਵਾਹ ਕਰਨ ਲਈ ਪਰਿਵਾਰ ਕੀਰਤਪੁਰ ਸਾਹਿਬ ਲਈ ਰਵਾਨਾ ਹੋ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਰਿਵਾਰ ਵੱਲੋਂ 8 ਜੂਨ ਨੂੰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਤੇ ਭੋਗ ਪਾਉਣ ਦਾ ਫੈਸਲਾ ਕੀਤਾ ਹੈ।

ਫੁੱਲ ਚੁਗਣ ਸਿੱਧੂ ਮੂਸੇਵਾਲਾ ‌ਦੇ ਮਾਤਾ ਚਰਨ ਕੌਰ, ਜੋ ਪਿੰਡ ਮੂਸਾ ਦੇ ਸਰਪੰਚ ਵੀ ਹਨ, ਨੇ ਭਾਵੁਕ ਹੋ ਕੇ ਉੱਚੀ ਉੱਚੀ ਧਾਹਾਂ ਮਾਰਦੇ ਹੋਏ ਕਿਹਾ ਕਿ ‘ਮੇਰੇ ਛੇ ਫੁੱਟ ਦੇ ਗੱਭਰੂ ਪੁੱਤ ਨੂੰ ਰਾਖ ਬਣਾਕੇ ਰੱਖ ਦਿੱਤਾ, ਤੁਸੀਂ ਵੀ ਜਹਾਨੋਂ ਪੁੱਟੇ ਜਾਓ।’ ਉਨ੍ਹਾਂ ਇਹ ਵੀ ਕਿਹਾ ਕਿ ਹੁਣ ਦੁਸ਼ਮਣਾਂ ਨੂੰ ਵਧੀਆ ਨੀਂਦ ਆ ਜਾਵੇਗੀ। 

ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਕੋਈ ਆਪਣੇ ਪੁੱਤਾਂ ਨੂੰ ਮਸ਼ਹੂਰ ਨਾ ਬਣਾਇਓ। ਸਾਡੇ ਪੁੱਤ ਨੂੰ ਮਸ਼ਹੂਰੀ ਨੇ ਖਾ ਲਿਆ, ਅਸੀਂ ਇਥੋਂ ਤੱਕ ਮਿਹਨਤ ਮਜ਼ਦੂਰੀ ਕਰਕੇ ਪੁੱਜੇ ਸੀ। ਫੁੱਲ ਚੁਗਣ ਦੀ ਰਸਮ ਤੋਂ ਮਗਰੋਂ ਪਰਿਵਾਰ ਵੱਲੋਂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਪ੍ਰਕਾਸ਼ ਕਰਵਾਏ ਗਏ।

ਹੁਣ ਤੱਕ ਤਿੰਨ ਸ਼ੂਟਰਾਂ ਦੀ ਹੋ ਚੁੱਕੀ ਪਛਾਣ, ਗੋਲਡੀ ਬਰਾੜ ਨੂੰ ਭਾਰਤ ਲਿਆਏਗੀ ਸਰਕਾਰ
ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਤਿੰਨ ਸ਼ੂਟਰਾਂ ਦੀ ਪਛਾਣ ਹੋ ਚੁੱਕੀ ਹੈ, ਜਿਸ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਕੇਂਦਰੀ ਏਜੰਸੀਆਂ ਦੀ ਮਦਦ ਵੀ ਲਈ ਜਾ ਰਹੀ ਹੈ। ਪੰਜਾਬ ਪੁਲਿਸ ਜਲਦ ਹੀ ਗੋਲਡੀ ਬਰਾੜ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰੇਗੀ ਜਿਸ ਤਹਿਤ ਗੋਲਡੀ ਬਰਾੜ ਨੂੰ ਭਾਰਤ ਲਿਆਂਦਾ ਜਾ ਸਕਦਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ ਗਰਮਾਉਣ ਮਗਰੋਂ ਪੰਜਾਬ ਪੁਲਿਸ ਅਲਰਟ ਹੋ ਗਈ ਹੈ।
 
 ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲਿਆਂਦਾ ਜਾਏਗਾ ਪੰਜਾਬ
ਉਧਰ, ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪੰਜਾਬ ਪੁਲਿਸ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲੈ ਕੇ ਆਏਗੀ। ਮਾਨਸਾ ਦੇ ਐਸਐਸਪੀ ਡਾ. ਗੌਰਵ ਤੁਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਲਾਰੈਂਸ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਦਿੱਲੀ ਦੇ ਸਪੈਸ਼ਲ ਸੈੱਲ ਕੋਲ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਸ ਦਾ ਰਿਮਾਂਡ ਖਤਮ ਹੋਵੇਗਾ, ਪੰਜਾਬ ਪੁਲਿਸ ਉਸ ਦਾ ਰਿਮਾਂਡ ਲੈ ਲਵੇਗੀ। ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਮਾਨਸਾ ਲਿਆਂਦਾ ਜਾਵੇਗਾ। ਪੰਜਾਬ ਪੁਲਿਸ ਦੀ SIT ਨੇ ਆਪਣੀ ਸਾਰੀ ਕਾਗਜੀ ਕਾਰਵਾਈ ਕਰ ਲਈ ਹੈ।

NO COMMENTS