ਬੁਢਲਾਡਾ, 11 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ) : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਰਲਾਇੰਸ ਪੰਪ ਬੁਢਲਾਡਾ ਦੇ ਧਰਨੇ ਵਿਚ ਹੀ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਦਸਵੀਂ ਬਰਸੀ ਮਨਾਈ ਗਈ । ਪ੍ਰਿਥੀਪਾਲ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਅੱਜ ਤੋ ਦਸ ਸਾਲ ਪਹਿਲਾਂ ਜ਼ਮੀਨ ਬਚਾਓ ਮੋਰਚੇ ਵਿਚ ਮਿੱਟੀ ਨਾਲ ਮਿੱਟੀ ਹੋਣ ਵਾਲੇ ਗਰੀਬ ਕਿਸਾਨ ਦੀ ਕੁਰਕ ਹੁੰਦੀ ਜ਼ਮੀਨ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਸੀ ਕਿਉਂਕਿ ਕਰਜ਼ਿਆਂ ਨਾਲ ਖੁੰਗਲ ਹੋਈ ਪੰਜਾਬ ਦੀ ਕਿਸਾਨੀ ਦੇ ਜ਼ਮੀਨ ਬਚਾਓ ਮੋਰਚੇ ਨੂੰ ਆਪਣੇ ਖੂਨ-ਪਸੀਨੇ ਨਾਲ ਸਿੰਜਿਆ। ਜ਼ਮੀਨ ਬਚਾਓ ਮੋਰਚੇ ਦਾ ਉਹ ਪਹਿਲਾ ਸ਼ਹੀਦ ਸੀ ਜਿਸ ਨੇ ਇੱਕ ਗਰੀਬ ਕਿਸਾਨ ਦੀ ਜ਼ਮੀਨ ਸ਼ਾਹੂਕਾਰ-ਗੁੰਡਾ ਗੱਠਜੋੜ ਦੇ ਜਕੜ-ਪੰਜੇ ਵਿਚ ਜਾਣ ਤੋਂ ਰੋਕਣ ਲਈ ਦਸ ਸਾਲ ਪਹਿਲਾਂ ਪਿੰਡ ਬੀਰੋਕੇ ਵਿਚ ਜਾਨ ਕੁਰਬਾਨ ਕਰ ਦਿੱਤੀ ਸੀ। ਉਨਾ ਦਸਿਆ ਕਿ 11 ਅਕਤੂਬਰ 2010 ਵਾਲੇ ਦਿਨ ਬੁਢਲਾਡਾ ਮੰਡੀ ਦੇ ਦੋ ਸ਼ਾਹੂਕਾਰਾ ਵਲੋ ਪਿੰਡ ਬੀਰੋਕੇ ਖੁਰਦ ਦੇ ਕਿਸਾਨ ਭੋਲਾ ਸਿੰਘ ਦੀ ਜ਼ਮੀਨ ਕੁਰਕ ਕਰਵਾ ਕੇ ਕਾਬਜ਼ ਹੋਣ ਪਹੁੰਚੇ ਸਨ। ਇਸ ਕੁਰਕੀ ਅਤੇ ਬੋਲੀ ਦਾ ਵਿਰੋਧ ਕਰਨ ਲਈ ਡਕੌਦਾ ਯੂਨੀਅਨ ਦੀ ਬਲਾਕ ਇਕਾਈ ਦੀ ਅਗਵਾਈ ਵਿਚ ਜੁਝਾਰੂ ਕਿਸਾਨਾਂ ਦਾ ਜਥਾ ਪਹੁੰਚਿਆ ਹੋਇਆ ਸੀ।
ਇੱਕ ਵਾਰ ਤਾਂ ਪਟਵਾਰੀ ਅਤੇ ਕਾਨੂੰਗੋ ‘ਹਾਲਤ ਵਿਗੜਨ ਦੇ ਮੱਦੇਨਜ਼ਰ ਕੁਰਕੀ ਦੀ ਕਾਰਵਾਈ ਮੁਲਤਵੀ ਕਰਨ’ ਦੀ ਕਾਰਵਾਈ ਪਾ ਕੇ ਚਲੇ ਗਏ। ਜਥੇ ਦੇ ਬਹੁਤੇ ਕਿਸਾਨ ਵੀ ਵਾਪਸ ਪਰਤ ਗਏ ਤੇ ਇਸੇ ਦੌਰਾਨ ਨਾਇਬ ਤਹਿਸੀਲਦਾਰ ਦਾ ਪਿੰਡ ਵਿੱਚ ਪਹੁੰਚਣ ਤੇ ਤਹਿਸੀਲਦਾਰ ਦਾ ਘਿਰਾਓ ਕਰ ਕੇ ਸ਼ਾਹੂਕਾਰਾਂ ਅਤੇ ਉਨ੍ਹਾਂ ਦੇ ਜੋਟੀਦਾਰਾਂ ਨੂੰ ਧਰਮਸ਼ਾਲਾ ਅੰਦਰ ਵੜਨ ਤੋਂ ਰੋਕ ਦਿੱਤਾ। ਜਦੋਂ ਸ਼ਾਹੂਕਾਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤਿੱਖੀ ਝੜਪ ਸ਼ੁਰੂ ਹੋ ਗਈ। ਜਿਸਤੇ ਸ਼ਾਹੂਕਾਰਾ ਦੇ ਸਾਥੀਆ ਨੇ ਫਾਇਰਿੰਗ ਕਰ ਦਿੱਤੀ ਤੇ ਇੱਕ ਗੋਲੀ ਪ੍ਰਿਥੀਪਾਲ ਦੇ ਵੱਜੀ ਸੀ ਜੋ ਮੌਕੇ ਤੇ ਹੀ ਸ਼ਹੀਦ ਹੋ ਗਿਆ ਸੀ। ਜਿਸਦੀ ਅੱਜ ਬੁਢਲਾਡਾ ਰਲਾਇੰਸ ਪੰਪ ਤੇ ਦਸਵੀਂ ਬਰਸੀ ਮਨਾਉਣ ਸਮੇਂ ਆਗੂਆਂ ਨੇ ਕਿਹਾ ਕਿ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਆਪਣੀ ਜਮੀਨ ਤੇ ਪੰਜਾਬ ਦਾ ਮੰਡੀਕਰਨ ਤੇ ਖੇਤੀਬਾੜੀ ਸਬੰਧੀ ਕਾਲੇ ਕਨੂੰਨਾ ਨੂੰ ਜਿੰਨਾ ਸਮਾਂ ਰੱਦ ਨਹੀਂ ਕਰਵਾ ਲੈਦੇ ਚੈਨ ਨਾਲ ਨਹੀਂ ਬੈਠਾਂਗੇ ਬੇਸ਼ੱਕ ਕਿੰਨੀਆਂ ਵੀ ਕੁਰਬਾਨੀਆਂ ਕਿਉ ਨਾ ਦੇਣੀਆਂ ਪੈਣ। ਇਸ ਮੌਕੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾਂ, ਬਲਾਕ ਪ੍ਰਧਾਨ ਸੱਤਪਾਲ ਸਿੰਘ ਵਰੇ, ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਗੁਰਨੇ ਕਲਾ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਸੋਤਮ ਸਿੰਘ ਗਿੱਲ ਜਸਕਰਨ ਸਿੰਘ ਫਰੂਟ ਤੇ ਸਬਜੀ ਰੇਹੜੀ ਯੂਨੀਅਨ ਦੇ ਪ੍ਰਧਾਨ ਚਿਮਨ ਲਾਲ ਕਾਕਾ ਅਤੇ ਉੱਘੇ ਕਲਾਕਾਰ ਕੰਵਲ ਗਰੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੈਨੂੰ ਦਿੱਲੀਏ ਲੋਕਾਂ ਦਾ ਇਕੱਠ ਪ੍ਰੇਸ਼ਾਨ ਕਰੂੰਗਾ ਫਸਲਾਂ ਦੇ ਫੈਸਲੇ ਕਿਸਾਨ ਕਰੂੰਗਾ ਇਸ ਮੌਕੇ ਇਨਕਲਾਬੀ ਗੀਤ ਗੁਰਮੁੱਖ ਸਿੰਘ ਸੱਦੇਵਾਲਾ ਨੇ ਪੇਸ਼ ਕੀਤੇ ਗਏ।