*75ਵਾਂ ਆਜ਼ਾਦੀ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਉਣ ਲਈ ਉਲੀਕੀ ਹਰ ਘਰ ਤਿਰੰਗਾ ਲਹਿਰਾਉਣ ਦੀ ਮੁਹਿੰਮ*

0
9

ਮਾਨਸਾ, 29 ਜੁਲਾਈ (ਸਾਰਾ ਯਹਾਂ/ ਮੁੱਖ ਸੰਪਾਦਕ ) : ਸਰਕਾਰ ਵੱਲੋਂ 75ਵਾਂ ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਪੂਰੇ ਉਤਸ਼ਾਹ ਅਤੇ ਜੋਸ਼ੋ-ਖਰੋਸ਼ ਨਾਲ ਮਨਾਉਣ ਲਈ ਹਰ ਘਰ ਤਿਰੰਗਾ ਲਹਿਰਾਉਣ ਦਾ ਪ੍ਰੋਗਰਾਮ ਨਿਸ਼ਚਿਤ ਕੀਤਾ ਗਿਆ ਹੈ। ਇਨਾਂ ਗੱਲਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਉਪਕਾਰ ਸਿੰਘ ਨੇ ਸਥਾਨਕ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਟੀ.ਬੈਨਿਥ ਵੀ ਮੌਜੂਦ ਸਨ।
ਉਨਾਂ ਕਿਹਾ ਕਿ ਇਸ ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚੜਾਉਣ ਲਈ ਹਰੇਕ ਵਿਭਾਗ ਪੂਰੀ ਭਾਵਨਾ, ਇਮਾਨਦਾਰੀ ਅਤੇ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਏ, ਤਾਂ ਜੋ ਆਜ਼ਾਦੀ ਦਾ ਇਹ 75ਵਾਂ ਦਿਹਾੜਾ ਵਧੀਆ ਢੰਗ ਨਾਲ ਮਨਾਇਆ ਜਾ ਸਕੇ। ਉਨਾਂ ਕਿਹਾ ਕਿ ਇਸ ਵਾਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ 13 ਤੋਂ 15 ਅਗਸਤ ਤੱਕ ਹਰ ਘਰ ਤਿਰੰਗਾ ਲਹਿਰਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਕਿ ਉਹ ਲੋਕਾਂ ਨੂੰ ਇਸ ਸਬੰਧੀ ਪ੍ਰੇਰਿਤ ਕਰਨ ਕਿ ਲੋਕ ਇਨਾਂ ਮਿਤੀਆਂ ਨੂੰ ਆਪਣੇ ਘਰਾਂ ’ਤੇ ਕੌਮੀ ਝੰਡਾ ਜ਼ਰੂਰ ਲਗਾਉਣ।
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਟੀ.ਬੈਨਿਥ ਨੇ ਦੱਸਿਆ ਕਿ ਹਰ ਘਰ ਤਿਰੰਗਾ ਮੁਹਿੰਮ ਤਹਿਤ ਕੌਮੀ ਝੰਡੇ ਵੱਖ-ਵੱਖ ਵਿਭਾਗਾਂ ਰਾਹੀਂ ਲੋਕਾਂ ਨੂੰ ਮੁਹੱਈਆ ਕਰਵਾਏ ਜਾਣਗੇ, ਜਿਨਾਂ ਦੀ ਕੀਮਤ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਹੈ। ਉਨਾਂ ਦੱਸਿਆ ਕਿ 20″x30″ ਝੰਡੇ ਦੀ ਕੀਮਤ 25/- ਰੁਪਏ, 16″x24″ ਦੀ ਕੀਮਤ 18/- ਰੁਪਏ ਅਤੇ 6″x9″ ਦੀ ਕੀਮਤ 09 ਰੁਪਏ ਨਿਰਧਾਰਿਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਵਿਭਾਗ ਇਸ ਸਬੰਧੀ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਇਹ ਝੰਡੇ ਲੋਕਾਂ ਨੂੰ ਨਿਰਧਾਰਿਤ ਰੇਟਾਂ ’ਤੇ ਮੁਹੱਈਆ ਕਰਵਾਉਣ, ਤਾਂ ਜੋ 13 ਤੋਂ 15 ਅਗਸਤ ਤੱਕ ਇਹ ਹਰ ਘਰ ’ਤੇ ਲਹਿਰਾਏ ਜਾਣ। ਉਨਾਂ ਕਿਹਾ ਕਿ ਵਿਭਾਗ ਆਪਣੇ ਸੇਲ ਪੁਆਇੰਟਸ ਦੀ ਸੂਚੀ ਜਲਦ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮਾ ਕਰਵਾਉਣ।
ਉਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਜ਼ਾਦੀ ਦੇ 75ਵੇਂ ਮਹਾਂਉਤਸਵ ਸਬੰਧੀ ਵਿਦਿਆਰਥੀਆਂ ਦੀਆਂ ਪੋਸਟਰ ਮੇਕਿੰਗ, ਚਾਰਟ ਮੇਕਿੰਗ ਅਤੇ ਹਰ ਘਰ ਤਿਰੰਗਾ ਵਿਸ਼ੇ ’ਤੇ ਗਤੀਵਿਧੀਆਂ ਕਰਵਾਈਆਂ ਜਾਣ ਅਤੇ ਹਰੇਕ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਵਿਚ ਸਾਫ਼-ਸਫ਼ਾਈ ਅਭਿਆਨ ਸ਼ੁਰੂ ਕੀਤਾ ਜਾਵੇ, ਇਸ ਤੋਂ ਇਲਾਵਾ ਹਰ ਵਿਭਾਗ 14 ਸਤੰਬਰ 2022 ਤੱਕ ਘੱਟੋ-ਘੱਟ ਆਪਣੀਆਂ 5 ਗਤੀਵਿਧੀਆਂ ਜ਼ਰੂਰ ਕਰਵਾਉਣ ਅਤੇ ਜੋ ਗਤੀਵਿਧੀ ਕਰਨੀ ਹੈ ਉਸ ਦੇ ਪਿੱਛੇ ਅਜ਼ਾਦੀ ਦੇ 75ਵੇਂ ਮਹਾਂਉਤਸਵ ਨਾਲ ਸਬੰਧਤ ਬੈਨਰ ਜ਼ਰੂਰ ਲਗਵਾਉਣ। ਉਨਾਂ ਹਦਾਇਤ ਕੀਤੀ ਕਿ ਪੀ.ਆਰ.ਟੀ.ਸੀ. ਦੀਆਂ ਬੱਸਾਂ ’ਤੇ ਵੀ ਅਜ਼ਾਦੀ ਦੇ 75ਵੇਂ ਮਹਾਂਉਤਸਵ ਨਾਲ ਸਬੰਧਤ ਬੈਨਰ ਲਗਵਾਏ ਜਾਣ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

NO COMMENTS