*600 ਯੂਨਿਟ ਮੁਫਤ ਬਿਜਲੀ ਨੇ ਪੰਜਾਬੀਆਂ ਨੂੰ ਬਣਾਇਆ ‘ਚੋਰ’, ਪਾਵਰਕੌਮ ਨੂੰ 1000 ਕਰੋੜ ਦਾ ਝਟਕਾ*

0
174

 (ਸਾਰਾ ਯਹਾਂ): ਪੰਜਾਬ ਵਿੱਚ 600 ਯੂਨਿਟ ਮੁਫਤ ਬਿਜਲੀ ਨੇ ਲੋਕਾਂ ਨੂੰ ਚੋਰ ਬਣਾ ਦਿੱਤਾ ਹੈ। ਲੋਕ ਹੁਣ ਬਿਜਲੀ ਬਿੱਲ ਨੂੰ 600 ਯੂਨਿਟ ਤੱਕ ਰੱਖਣ ਲਈ ਬਿਜਲੀ ਚੋਰੀ ਕਰ ਰਹੇ ਹਨ। ਇਹ ਖੁਲਾਸਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਅੰਕੜਿਆਂ ਵਿੱਚ ਹੋਇਆ ਹੈ। ਬਿਜਲੀ ਚੋਰੀ ਕਰਕੇ ਪਾਵਰਕੌਮ ਨੂੰ ਸਾਲਾਨਾ 1000 ਕਰੋੜ ਰੁਪਏ ਤੋਂ ਜ਼ਿਆਦਾ ਦਾ ਰਗੜਾ ਲੱਗਾ ਹੈ। 

ਬੇਸ਼ੱਕ ਬਿਜਲੀ ਚੋਰੀ ਦੇ ਕਈ ਕਾਰਨ ਹਨ ਪਰ ਪਾਵਰਕੌਮ ਦੇ ਸੂਤਰਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਖ਼ਪਤਕਾਰ ਆਪਣੇ ਬਿੱਲਾਂ ਦੀ ਰੀਡਿੰਗ 600 ਯੂਨਿਟ ਤੋਂ ਹੇਠਾਂ ਲਿਆਉਣ ਲਈ ਬਿਜਲੀ ਚੋਰੀ ਕਰ ਰਹੇ ਹਨ। ਇਹ ਰੁਝਾਨ ਭਗਵੰਤ ਮਾਨ ਸਰਕਾਰ ਵੱਲੋਂ ਖ਼ਪਤਕਾਰਾਂ ਨੂੰ ਦੋ ਮਹੀਨਿਆਂ ਦੇ ਹਰੇਕ ਬਿੱਲ ਵਿੱਚ 600 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਨ ਤੋਂ ਬਾਅਦ ਵੇਖਣ ਨੂੰ ਮਿਲਿਆ ਹੈ।

ਪਾਵਰਕੌਮ ਦੇ ਅੰਕੜਿਆਂ ਅਨੁਸਾਰ ਸੂਬੇ ਵਿੱਚ ਸਤੰਬਰ 2023 ਤੱਕ ਬਿਜਲੀ ਚੋਰੀ ਦੀ ਸਮੱਸਿਆ ਦਾ ਸਾਹਮਣਾ ਕਰਨ ਵਾਲੇ ਫੀਡਰਾਂ ਦੀ ਗਿਣਤੀ 2980 ਤੋਂ ਘੱਟ ਕੇ 2714 ਰਹਿ ਗਈ ਹੈ ਜਦਕਿ 80 ਤੋਂ 90 ਫੀਸਦੀ ਘਾਟੇ ਵਾਲੇ ਫੀਡਰਾਂ ਦੀ ਗਿਣਤੀ ਇਕ ਤੋਂ ਵੱਧ ਕੇ 11 ਹੋ ਗਈ ਹੈ। ਕੇਂਦਰੀ ਜ਼ੋਨ ਵਿੱਚ ਬਿਜਲੀ ਚੋਰੀ ਸਭ ਤੋਂ ਘੱਟ ਹੈ ਤੇ ਇੱਥੇ 43 ਫੀਡਰ ਹੀ 15 ਤੋਂ 25 ਫੀਸਦੀ ਘਾਟੇ ਵਿੱਚ ਚੱਲ ਰਹੇ ਹਨ। ਇਸ ਤੋਂ ਇਲਾਵਾ ਪੱਛਮੀ ਜ਼ੋਨ ਵਿੱਚ ਘਾਟੇ ਵਾਲੇ ਫੀਡਰਾਂ ਦੀ ਗਿਣਤੀ ਸਰਹੱਦੀ ਜ਼ੋਨ ਨਾਲੋਂ ਜ਼ਿਆਦਾ ਹੈ। 

ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ ਦੇ ਬੁਲਾਰੇ ਵੀਕੇ ਗੁਪਤਾ ਨੇ ਦੱਸਿਆ ਕਿ ਪੰਜਾਬ ਵਿੱਚ ਸਾਲਾਨਾ ਇੱਕ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਬਿਜਲੀ ਚੋਰੀ ਕੀਤੀ ਜਾ ਰਹੀ ਹੈ। ਪਾਵਰਕੌਮ ਦਾ ਸਟਾਫ ਜਦੋਂ ਬਿਜਲੀ ਚੋਰੀ ਦੀ ਜਾਂਚ ਕਰਨ ਲਈ ਸਰਹੱਦੀ ਖੇਤਰਾਂ ਤੇ ਪੱਛਮੀ ਜ਼ੋਨ ਵਿੱਚ ਜਾਂਦਾ ਹੈ ਤਾਂ ਉਨ੍ਹਾਂ ਨੂੰ ਆਮ ਲੋਕਾਂ ਤੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਬਿਜਲੀ ਦੇ ਮੀਟਰ ਘਰਾਂ ਤੋਂ ਬਾਹਰ ਖੰਭਿਆਂ ’ਤੇ ਨਹੀਂ ਲਾਉਣ ਦਿੱਤੇ ਜਾਂਦੇ ਹਨ ਤੇ ਨਾ ਹੀ ਬਿਜਲੀ ਦੇ ਮੀਟਰ ਬਦਲਣ ਦਿੱਤੇ ਜਾ ਰਹੇ ਹਨ। ਇੱਥੇ ਵੱਡੀ ਪੱਧਰ ’ਤੇ ਮੀਟਰਾਂ ਨਾਲ ਛੇੜਛਾੜ ਕੀਤੀ ਜਾਂਦੀ ਹੈ।

ਪੀਐਸਪੀਸੀਐਲ ਦੇ ਅੰਕੜਿਆਂ ਅਨੁਸਾਰ 50 ਫੀਸਦੀ ਤੋਂ ਵੱਧ ਘਾਟੇ ਵਾਲੇ ਫੀਡਰਾਂ ਦੀ ਗਿਣਤੀ ਵੀ 362 ਤੋਂ ਵਧ ਕੇ 414 ਹੋ ਗਈ ਹੈ। ਸਰਹੱਦੀ ਤੇ ਪੱਛਮੀ ਜ਼ੋਨ ਹੀ ਅਜਿਹੇ ਦੋ ਜ਼ੋਨ ਹਨ ਜਿਨ੍ਹਾਂ ਵਿਚ 158 ਫੀਡਰਾਂ ਵਿੱਚ ਘਾਟਾ 60 ਫੀਸਦੀ ਤੋਂ ਜ਼ਿਆਦਾ ਹੈ ਜਦਕਿ ਸੈਂਟਰਲ, ਉਤਰੀ ਤੇ ਦੱਖਣੀ ਜ਼ੋਨਾਂ ਵਿਚ ਕਿਸੇ ਵੀ ਫੀਡਰ ਵਿਚ ਘਾਟਾ 60 ਫੀਸਦੀ ਤੋਂ ਜ਼ਿਆਦਾ ਨਹੀਂ ਹੈ। ਇਸ ਤੋਂ ਇਲਾਵਾ ਗਿਆਰਾਂ ਫੀਡਰਾਂ ਵਿਚ 80 ਫੀਸਦੀ ਤੋਂ ਜ਼ਿਆਦਾ ਘਾਟਾ ਹੈ ਜਿਨ੍ਹਾਂ ਵਿਚੋਂ 10 ਫੀਡਰ ਸਰਹੱਦੀ ਖੇਤਰਾਂ ਤੇ ਇਕ ਫੀਡਰ ਪੱਛਮੀ ਜ਼ੋਨ ਵਿਚ ਹੈ।

NO COMMENTS