5 ਸਾਲਾ ਬੱਚੀ ਨਾਲ ਰੇਪ ਦੇ ਦੋਸ਼ੀ ਨੂੰ 26 ਦਿਨਾਂ ‘ਚ ਹੀ ਫਾਂਸੀ ਦੀ ਸਜ਼ਾ, ਮੁੱਖ ਮੰਤਰੀ ਨੇ ਦੱਸਿਆ ਮਸਾਲ

0
129

ਜੈਪੁਰ 18,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ) : ਰਾਜਸਥਾਨ ਦੇ ਝੁਨਝੁਨੂੰ ਜ਼ਿਲ੍ਹੇ ਦੀ ਵਿਸ਼ੇਸ਼ ਪੋਕਸੋ ਅਦਾਲਤ ਨੇ ਪੰਜ ਸਾਲਾ ਬੱਚੀ ਨਾਲ ਜਬਰ ਜਨਾਹ ਦੇ ਜੁਰਮ ਹੇਠ 20 ਸਾਲਾ ਸੁਨੀਲ ਕੁਮਾਰ ਕੁਮਾਰ ਨੂੰ ਦੋਸ਼ੀ ਠਹਿਰਾਉਂਦਿਆਂ ਫਾਂਸੀ ਦੀ ਸਜ਼ਾ ਸੁਣਾਈ ਹੈ। ਝੁਨਝੁਨੂੰ ਜ਼ਿਲ੍ਹੇ ਦੇ ਪਿਲਾਨੀ ’ਚ ਬੱਚੀ ਨਾਲ 19 ਫ਼ਰਵਰੀ ਨੂੰ ਰੇਪ ਹੋਇਆ ਸੀ। ਪੁਲਿਸ ਨੇ ਜਾਂਚ ਕਰ ਕੇ ਘਟਨਾ ਦੇ ਸਿਰਫ਼ 9 ਦਿਨਾਂ ਅੰਦਰ ਅੰਦਰ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਤੇ 40 ਗਵਾਹਾਂ ਦੀਆਂ ਗਵਾਹੀਆਂ ਦੇ ਆਧਾਰ ਉੱਤੇ ਦੋਸ਼ੀ ਨੂੰ ਸਿਰਫ਼ 26 ਦਿਨਾਂ ’ਚ ਸਜ਼ਾ ਦਿਵਾ ਦਿੱਤੀ।

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਫ਼ੈਸਲੇ ਨੂੰ ਪੁਲਿਸ, ਨਿਆਂਪਾਲਿਕਾ ਦੀ ਮੁਹਾਰਤ ਤੇ ਸਰਕਾਰ ਦੀ ਪੀੜਤ ਕੁੜੀ ਨੂੰ ਨਿਆਂ ਦਿਵਾਉਣ ਦੀ ਪ੍ਰਤੀਬੱਧਤਾ ਦੀ ਉਦਾਹਰਣ ਦੱਸਿਆ ਹੈ।

ਆਈਜੀ ਪੁਲਿਸ ਹਵਾ ਸਿੰਘ ਘੁਮਰੀਆ ਨੇ ਦੱਸਿਆ ਕਿ 19 ਫ਼ਰਵਰੀ ਦੀ ਸ਼ਾਮ ਨੂੰ ਬੱਚੀ ਖੇਤ ਵਿੱਚ ਆਪਣੇ ਭੈਣਾਂ-ਭਰਾਵਾਂ ਨਾਲ ਖੇਡ ਰਹੀ ਸੀ। ਇਸੇ ਦੌਰਾਨ ਸਕੂਟੀ ’ਤੇ ਆਏ ਮੁਲਜ਼ਮ ਨੇ ਉਸ ਨੂੰ ਅਗ਼ਵਾ ਕਰ ਲਿਆ। ਬੱਚੀ ਦੇ ਭੈਣਾਂ-ਭਰਾਵਾਂ ਨੇ ਉਸ ਦਾ ਪਿੱਛਾ ਵੀ ਕੀਤਾ ਪਰ ਉਸ ਨੂੰ ਫੜ ਨਹੀਂ ਸਕੇ।

ਫਿਰ ਬੱਚੀ ਰਾਤ ਨੂੰ ਇੱਕ ਸੁੰਨਸਾਨ ਥਾਂ ਉੱਤੇ ਲਹੂਲੁਹਾਨ ਹਾਲਤ ਵਿੱਚ ਮਿਲੀ। ਇਸ ਘਿਨਾਉਣੀ ਵਾਰਦਾਤ ਦੇ ਸਿਰਫ਼ ਪੰਜ ਘੰਟਿਆਂ ਅੰਦਰ ਹੀ ਪੁਲਿਸ ਨੇ ਸ਼ਾਹਪੁਰ ਨਿਵਾਸੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਸ ਕੇਸ ਉੱਤੇ ਰੋਜ਼ਾਨਾ 12 ਤੋਂ 13 ਘੰਟੇ ਲਗਾਤਾਰ ਕੰਮ ਕੀਤਾ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ 40 ਤੋਂ ਵੱਧ ਗਵਾਹਾਂ ਦੇ ਬਿਆਨ ਲਏ ਗਏ ਤੇ ਲਗਭਗ 250 ਦਸਤਾਵੇਜ਼ ਸਬੂਤ ਵਜੋਂ ਪੇਸ਼ ਕੀਤੇ ਗਏ। ਫਿਰ ਚਾਰਜਸ਼ੀਟ ਦਾਖ਼ਲ ਹੋਈ। ਪੌਕਸੋ ਕਾਨੂੰਨ ਲਾਗੂ ਹੋਣ ਤੋਂ ਬਾਅਦ ਕਿਸੇ ਬੱਚੀ ਨਾਲ ਰੇਪ ਦੇ ਦੋਸ਼ੀ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਦਾ ਜ਼ਿਲ੍ਹੇ ’ਚ ਇਹ ਦੂਜਾ ਮਾਮਲਾ ਹੈ। ਤਿੰਨ ਸਾਲ ਪਹਿਲਾਂ ਅਜਿਹੇ ਹੀ ਇੱਕ ਮਾਮਲੇ ’ਚ ਦੋਸ਼ੀ ਵਿਨੋਦ ਕੁਮਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।

NO COMMENTS