-33 ਦਿਨ ਕੋਰੋਨਾ ਨਾਲ ਲੜਨ ਤੋਂ ਬਾਅਦ ਮਾਨਸਾ ‘ਚ ਇਕ ਹੋਰ ਮਰੀਜ਼ ਨੇ ਕੋਰੋਨਾ ਨੂੰ ਦਿੱਤੀ ਮਾਤ..!!

0
420

ਮਾਨਸਾ 9 ਮਈ (ਸਾਰਾ ਯਹਾ,ਬਲਜੀਤ ਸ਼ਰਮਾ)  : ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕੀਤੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਵਿੱਚੋਂ ਅੱਜ ਇਕ ਹੋਰ ਮਰੀਜ਼ ਦੀ ਰਿਪੋਰਟ ਨੈਗੇਟਿਵ ਆਉਣ ’ਤੇ ਉਸਨੂੰ ਸਿਵਲ ਹਸਪਤਾਲ ਮਾਨਸਾ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਪਿਛਲੇ 33 ਦਿਨਾਂ ਤੋਂ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ਼ ਕਰਵਾ ਰਹੀ ਬੁਢਲਾਡਾ ਦੀ ਕੋਰੋਨਾ ਪੀੜਤ 35 ਸਾਲਾਂ ਔਰਤ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਅੱਜ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਛੱਤੀਸਗੜ੍ਹ ਤੋਂ ਆਏ ਵਿਅਕਤੀਆਂ ਦੇ ਸੈਂਪਲ ਪਾਜ਼ੀਟਿਵ ਤੋਂ ਬਆਦ ਉਹਨਾਂ ਦੇ ਸੰਪਰਕ ਵਾਲੇ ਇਸ ਕੋਰੋਨਾ ਮਰੀਜ਼ ਦੇ 4 ਅਪ੍ਰੈਲ ਨੂੰ ਸੈਂਪਲ ਲਏ ਗਏ ਸਨ ਜਿਸ ਤੋਂ ਬਾਅਦ 7 ਅਪ੍ਰੈਲ ਨੂੰ ਇਸਦਾ ਸੈਂਪਲ ਪਾਜ਼ੀਟਿਵ ਆਉਣ ਤੇ ਇਸਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕੀਤਾ ਗਿਆ ਸੀ।
ਸਿਵਲ ਸਰਜਨ ਨੇ ਦੱਸਿਆ ਕਿ ਹੁਣ ਮਾਨਸਾ ਵਿੱਚ 14 ਕੋਰੋਨਾ ਪਾਜ਼ਿਟੀਵ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਿੰਨ੍ਹਾਂ ਦਾ ਮਾਹਿਰ ਡਾਕਟਰਾਂ ਦੀ ਦੇਖ-ਰੇਖ ਵਿੱਚ ਇਲਾਜ਼ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਹਰ ਕੋਰੋਨਾ ਪਾਜ਼ਿਟੀਵ ਮਰੀਜ਼ ਆਪਣਾ ਮਾਹਿਰ ਡਾਕਟਰਾਂ ਦੀ ਦੇਖ-ਰੇਖ ਵਿੱਚ ਇਲਾਜ ਕਰਵਾਕੇ ਅਤੇ ਇਕਾਂਤਵਾਸ ਵਿੱਚ ਰਹਿ ਕੇ ਕੋਰੋਨਾ ਵਾਇਰਸ ਨੂੰ ਹਰਾ ਸਕਦਾ ਹੈ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰਫਿਊ/ਲਾਕਡਾਊਨ ਦੌਰਾਨ ਪ੍ਰਸਾਸ਼ਨ ਦਾ ਸਹਿਯੋਗ ਕਰਨ ,ਘਰਾਂ ਤੋਂ ਬਾਹਰ ਨਾ ਨਿਕਲਣ, ਸਿਰਫ਼ ਜ਼ਰੂਰੀ ਕੰਮ ਲਈ ਹੀ ਆਪਣੇ ਘਰ ਤੋਂ ਬਾਹਰ ਜਾਇਆ ਜਾਵੇ, ਘਰ ਤੋਂ ਬਾਹਰ ਜਾਣ ਲੱਗੇ ਮਾਸਕ ਦੀ ਵਰਤੋਂ ਕੀਤੀ ਜਾਵੇ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ।ਉਨ੍ਹਾਂ ਕਿਹਾ ਕਿ ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਇਆ ਜਾਵੇ ਅਤੇ ਸੁੱਕੀ ਖੰਘ, ਜੁਕਾਮ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ’ਤੇ ਆਪਣੀ ਜਾਂਚ ਕਰਵਾਈ ਜਾਵੇ।


ਡਾ. ਲਾਲ ਚੰਦ ਠਕਰਾਲ ਨੇ ਕਿਹਾ ਕਿ ਸਰਕਾਰ ਦੁਆਰਾ ਸਿਹਤ ਸੇਵਾਵਾਂ ਲਈ ਚਲਾਈ ਗਈ ਈ-ਸੰਜੀਵਨੀ ਆਨਲਾਈਨ ਓ.ਪੀ.ਡੀ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।
ਇਸ ਮੌਕੇ ਹਲਕਾ ਵਿਧਾਇਕ ਮਾਨਸਾ ਸ਼੍ਰੀ ਨਾਜ਼ਰ ਸਿੰਘ ਮਾਨਸਾਹੀਆ, ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ੋਕ ਕੁਮਾਰ, ਡਾ. ਸੁਨੀਲ ਬਾਂਸਲ, ਡਾ.ਪੰਕਜ ਗਰਗ ਅਤੇ ਸਟਾਫ਼ ਹਾਜਰ ਸਨ।

NO COMMENTS