*32 ਜਥੇਬੰਦੀਆਂ ਦੀ ਚੇਤਾਵਨੀ! ਜੰਗ ਜਿੱਤਣੀ ਤਾਂ ਸਿਆਸੀ ਲੀਡਰਾਂ ਦੀਆਂ ਚਾਲਾਂ ਤੋਂ ਹੋ ਜਾਓ ਚੌਕਸ

0
39

ਬਰਨਾਲਾ 29,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): 32 ਜਥੇਬੰਦੀਆਂ ‘ਤੇ ਅਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 302ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਸਿਆਸੀ ਲੀਡਰਾਂ ਦੀਆਂ ਪਿੰਡਾਂ ਵਿੱਚ ਚੁਣਾਵੀ ਫੇਰੀਆਂ ਕਾਰਨ ਪੇਂਡੂ ਭਾਈਚਾਰੇ ਵਿੱਚ ਵੰਡੀਆਂ ਪੈਣ ਦੀਆਂ ਖਬਰਾਂ ਮਿਲ ਰਹੀਆਂ ਹੈ।

ਕਿਸਾਨ ਲੀਡਰਾਂ ਨੇ ਕਿਹਾ ਕਿ ਸਿਆਸੀ ਨੇਤਾ ਹਮੇਸ਼ਾ ਜਾਤਾਂ, ਗੋਤਾਂ, ਧਰਮਾਂ ਆਦਿ ਦੇ ਆਧਾਰ ‘ਤੇ ਲੋਕਾਂ ਵਿੱਚ ਵੰਡੀਆਂ ਪਾ ਕੇ ਵੋਟਾਂ ਬਟੋਰਦੇ ਹਨ। ਬਹੁਤ ਵੱਡੇ ਅਰਸੇ ਬਾਅਦ ਕਿਸਾਨ ਅੰਦੋਲਨ ਨੇ ਇਹ ਵੰਡੀਆਂ ਖਤਮ ਵੱਲ ਵਧਣ ਦੀ ਉਸਾਰੂ ਪਿਰਤ ਪਾਈ ਹੈ। ਚੋਣਾਂ ਸਿਰ ‘ਤੇ ਆਉਣ ਕਾਰਨ ਸਿਆਸੀ ਨੇਤਾ ਵੱਖ-ਵੱਖ ਵਰਗਾਂ ਲਈ ਤਰ੍ਹਾਂ ਤਰ੍ਹਾਂ ਦੇ ਭਰਮਾਊ ਨਾਹਰੇ ਲੈ ਕੇ ਸਾਹਮਣੇ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਕੋਲ, ਲੋਕਾਂ ਦੀਆਂ ਮੁਸ਼ਕਲਾਂ ਦੇ ਸਥਾਈ ਹੱਲ ਲਈ ਕੋਈ ਸਾਰਥਿਕ ਪ੍ਰੋਗਰਾਮ ਨਹੀਂ। ਇਹ ਨੇਤਾ ਪਿੰਡਾਂ ਵਿੱਚ ਬੈਠੇ ਆਪਣੇ ਘੜੰਮ ਚੌਧਰੀ ਚਮਚਿਆਂ ਰਾਹੀਂ ਕਿਸਾਨਾਂ ਦੇ ਜਥੇਬੰਦਕ ਏਕੇ ਨੂੰ ਕਮਜ਼ੋਰ ਕਰਕੇ ਆਪਣੀਆਂ ਰੋਟੀਆਂ ਸੇਕਦੇ ਹਨ। ਸਾਨੂੰ ਇਨ੍ਹਾਂ ਦੀਆਂ ਚਾਲਾਂ ਤੋਂ ਸਾਵਧਾਨ ਰਹਿ ਕੇ ਆਪਣਾ ਕੀਮਤੀ ਏਕਾ ਬਚਾ ਕੇ ਰੱਖਣਾ ਚਾਹੀਦਾ ਹੈ।

ਬੁਲਾਰਿਆਂ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ, 31 ਜੁਲਾਈ, ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਕਿਸਾਨ ਸੰਸਦ ਦਾ ਅਸਰ ਸਾਫ ਦਿਖਾਈ ਦੇਣ ਲੱਗਾ ਹੈ। ‘ਵੋਟਰਜ਼ ਵਿੱਪ’ ਤੇ ਕਿਸਾਨ ਸੰਸਦ ਦੇ ਦਬਾਅ ਹੇਠ ਵਿਰੋਧੀ ਸਿਆਸੀ ਪਾਰਟੀਆਂ ਦੇ ਸਾਂਸਦ ਨਾ ਸਿਰਫ ਕਿਸਾਨ ਮੰਗਾਂ ਵਾਲੀਆਂ ਤਖਤੀਆਂ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਹਨ ਸਗੋਂ ਗਾਹੇ-ਬਗਾਹੇ ਕਿਸਾਨ ਸੰਸਦ ਵਿੱਚ ਵੀ ਹਾਜ਼ਰੀ ਲਵਾਉਂਦੇ ਹਨ। ਗੋਦੀ ਮੀਡੀਆ ਦੇ ਕੁੱਝ ਚੈਨਲ ਵੀ ਕਿਸਾਨ ਸੰਸਦ ਦੀ ਕਾਰਵਾਈ ਦਿਖਾਉਣ ਲਈ ਮਜ਼ਬੂਰ ਹੋਏ ਹਨ। ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਾਨੂੰ ਇਹ ਦਬਾਅ ਲਗਾਤਾਰ ਬਣਾ ਕੇ ਰੱਖਣਾ ਪਵੇਗਾ।

ਅੱਜ ਧਰਨੇ ਵਿੱਚ ਇੱਕ ਸੌ ਸਾਲ ਉਮਰ ਦੀ ਬੇਬੇ, ਮਾਤਾ ਕਰਤਾਰ ਕੌਰ ਕਰਮਗੜ੍ਹ ਦੀ ਹਾਜ਼ਰੀ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਧਰਨਾਕਾਰੀਆਂ ਨੇ ਨਾਹਰੇ ਲਾ ਕੇ ਮਾਤਾ ਦਾ, ਇਸ ਹਾਜ਼ਰੀ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।

NO COMMENTS