*3 ਜਨਵਰੀ ਤੋਂ ਰਾਹੁਲ ਗਾਂਧੀ ਮਾਰਨਗੇ ਪੰਜਾਬ ਦੀ ਸਿਆਸਤ ‘ਚ ਐਂਟਰੀ*

0
52

ਨਵੀਂ ਦਿੱਲੀ 26,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 3 ਜਨਵਰੀ ਤੋਂ ਚੋਣ ਪ੍ਰਚਾਰ ਸ਼ੁਰੂ ਕਰਨਗੇ। ਸੂਤਰਾਂ ਮੁਤਾਬਕ ਉਹ ਪੰਜਾਬ ਦੀ ਚੋਣ ਮੁਹਿੰਮ ਦਾ ਆਗਾਜ਼ ਕਰਨਗੇ। ਉਂਝ ਅਜੇ ਤੱਕ ਪਾਰਟੀ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਰਾਹੁਲ ਗਾਂਧੀ ਅਗਲੇ ਦਿਨੀਂ ਪੰਜਾਬ ਆ ਰਹੇ ਹਨ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਟਾਕਰੇ ਲਈ ਕਾਂਗਰਸ ਰਾਹੁਲ ਗਾਂਧੀ ਨੂੰ ਪੰਜਾਬ ਦੇ ਚੋਣ ਮੈਦਾਨ ਵਿੱਚ ਉਤਾਰ ਰਹੀ ਹੈ। ਪੰਜਾਬ ਵਿੱਚ ਚੋਣ ਪ੍ਰਚਾਰ ਦੀ ਸ਼ੁਰੂਆਤ ਰਾਹੁਲ ਗਾਂਧੀ ਖੁਦ ਕਰਨਗੇ। ਸੂਤਰਾਂ ਮੁਤਾਬਕ ਉਹ 3 ਜਨਵਰੀ ਤੋਂ ਪੰਜਾਬ ਦਾ ਦੌਰਾ ਕਰ ਸਕਦੇ ਹਨ।

ਹੁਣ ਤੱਕ ਦੇ ਚੋਣ ਸਰਵੇਖਣਾਂ ਮੁਤਾਬਕ ਇਸ ਵਾਰ ਪੰਜਾਬ ਵਿੱਚ ਮੁੱਖ ਮੁਕਾਬਲਾ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਕਈ ਦੌਰੇ ਕਰਕੇ ਚੋਣ ਮੁਹਿੰਮ ਭਖਾ ਲਈ ਹੈ ਪਰ ਕਾਂਗਰਸ ਇਸ ਵਿੱਚ ਫਾਡੀ ਨਜ਼ਰ ਆ ਰਹੀ ਹੈ। ਕਿਸਾਨ ਜਥੇਬੰਦੀਆਂ ਨੇ ਚੋਣਾਂ ਲੜਨ ਦਾ ਐਲਾਨ ਕਰਕੇ ਸਿਆਸੀ ਪਾਰਟੀਆਂ ਦਾ ਫਿਕਰ ਹੋ ਵਧਾ ਦਿੱਤਾ ਹੈ।

ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੀ 22 ਦਸੰਬਰ ਨੂੰ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਅਗਲੀਆਂ ਚੋਣਾਂ ਲਈ ਚੋਣ ਪ੍ਰਚਾਰ ਦੀ ਰਣਨੀਤੀ ਤਿਆਰ ਕੀਤੀ ਗਈ ਸੀ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਦੱਸਿਆ ਸੀ ਕਿ ਪੰਜਾਬ ਵਿੱਚ ਜਲਦ ਹੀ ਰਾਹੁਲ ਗਾਂਧੀ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ ਤੇ ਜਲਦ ਸਿਆਸੀ ਰੈਲੀ ਦੀ ਥਾਂ ਤੇ ਤਾਰੀਖ਼ ਬਾਰੇ ਦੱਸ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਰਫ਼ੋਂ ਪੰਜ ਵਰ੍ਹਿਆਂ ਦੌਰਾਨ ਜੋ ਕੰਮ ਕੀਤੇ ਗਏ ਹਨ, ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਲੋਕਾਂ ਅੱਗੇ ਰੱਖਿਆ ਜਾਵੇਗਾ ਤੇ ਜੋ ਕਮੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ ਜਾਵੇਗਾ। ਜਾਖੜ ਨੇ ਕਿਹਾ ਕਿ ਚੋਣ ਪ੍ਰਚਾਰ ਲਈ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ ਤੇ ਚੋਣ ਪ੍ਰਚਾਰ ਲਈ ਹਰ ਮਾਧਿਅਮ ਦਾ ਸਹਾਰਾ ਲਿਆ ਜਾਵੇਗਾ।

NO COMMENTS