29 ਸਾਲ ਬਾਅਦ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਦਰਜ ਹੋਇਆ ਕੇਸ…!!

0
190

ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖਿਲਾਫ ਮੁਹਾਲੀ ‘ਚ ਮਾਮਲਾ ਦਰਜ ਹੋਇਆ ਹੈ। ਇਹ ਮਾਮਲਾ 29 ਸਾਲ ਪੁਰਾਣੇ 1991 ਦੇ ਬਲਵੰਤ ਸਿੰਘ ਮੁਲਤਾਨੀ ਅਗਵਾ ਕੇਸ ਦੇ ਸਬੰਧ ਵਿੱਚ ਹੋਇਆ ਹੈ।

ਦਰਅਸਲ, ਇਹ ਮਾਮਲਾ 1991 ਦਾ ਹੈ ਜਦੋਂ ਸੈਣੀ ਚੰਡੀਗੜ੍ਹ ‘ਚ ਸੀਨੀਅਰ ਪੁਲਿਸ ਕਪਤਾਨ ਵਜੋਂ ਤਾਇਨਾਤ ਸੀ। ਮੁਲਤਾਨੀ ਨੂੰ ਚੰਡੀਗੜ੍ਹ ਵਿੱਚ ਸੁਮੇਧ ਸੈਣੀ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋ ਪੁਲਿਸ ਅਧਿਕਾਰੀਆਂ ਨੇ ਘਰੋਂ ਚੁੱਕਿਆ ਸੀ। ਹਮਲੇ ਵਿੱਚ ਸੈਣੀ ਦੀ ਸੁਰੱਖਿਆ ‘ਚ ਤਾਇਨਾਤ ਚਾਰ ਪੁਲਿਸ ਮੁਲਾਜ਼ਮ ਮਾਰੇ ਗਏ ਸਨ।

ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਮੁਲਤਾਨੀ ਨੂੰ 1991 ਵਿੱਚ ਸੈਣੀ ਦੀ ਹੱਤਿਆ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਪੁਲਿਸ ਨੇ ਅਗਵਾ ਕਰ ਲਿਆ ਸੀ। ਸੈਣੀ ਉੱਪਰ ਮੁਲਤਾਨੀ ਦੀ ਕਿਡਨੈਪਿੰਗ ਤੇ ਫਿਰ ਉਸ ਦੀ ਹੱਤਿਆ ਦੇ ਦੋਸ਼ ਹਨ। ਮੁਲਤਾਨੀ ਦੇ ਅਗਵਾ ਹੋਣ ਦਿ ਸ਼ਿਕਾਇਤ ਉਸ ਦੇ ਭਰਾ ਨੇ ਦਰਜ ਕਰਵਾਈ ਸੀ।

ਸੈਣੀ ਖਿਲਾਫ ਆਈਪੀਸੀ ਦੀ ਧਾਰਾ 364, (ਅਗਵਾ ਕਰਨ ਜਾਂ ਕਤਲ ਕਰਨ ਲਈ ਅਗਵਾ ਕਰਨ), 201(ਸਬੂਤ ਮਿਟਾਉਣ), 344, 330 ਤੇ 120 (ਬੀ) ਦੇ ਤਹਿਤ ਮੁਹਾਲੀ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਸਾਲ 2007 ਵਿੱਚ ਸੈਣੀ ਖਿਲਾਫ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ‘ਤੇ ਕੇਂਦਰੀ ਜਾਂਚ ਬਿਊਰੋ ਨੇ ਜਾਂਚ ਸ਼ੁਰੂ ਕੀਤੀ ਸੀ। ਬਾਅਦ ਵਿੱਚ ਇਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਸੈਣੀ ਲੰਬੇ ਸਮੇਂ ਤੋਂ ਵਿਵਾਦਾਂ ‘ਚ ਰਹੇ ਸਨ। ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਕਾਰਜਕਾਲ ਦੌਰਾਨ ਡੀਜੀਪੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਦੂਜੇ ਪਾਸੇ, ਅੱਜ ਸੁਮੇਧ ਸੈਣੀ ਆਪਣੇ ਕੁਝ ਸਾਥੀਆਂ ਸਮੇਤ ਹਿਮਾਚਲ ਸਰਹੱਦ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਨੇ ਹਿਮਾਚਲ ਪੁਲਿਸ ਤੇ ਰਾਜ ਵਿੱਚ ਦਾਖਲ ਹੋਣ ਲਈ ਦਬਾਅ ਵੀ ਬਣਾਇਆ, ਪਰ ਜਦੋਂ ਪੁਲਿਸ ਮੁਲਾਜ਼ਮਾਂ ਨੇ ਇਨਕਾਰ ਕਰ ਦਿੱਤਾ ਤਾਂ ਸੈਣੀ ਨੇ ਬਿਲਾਸਪੁਰ ਦੇ ਪੁਲਿਸ ਸੁਪਰਡੈਂਟ ਦਿਵਾਕਰ ਸ਼ਰਮਾ ਨੂੰ ਵੀ ਫੋਨ ਕੀਤਾ।

ਉਨ੍ਹਾਂ ਐਸਪੀ ਨੂੰ ਕਿਹਾ ਕਿ ਉਨ੍ਹਾਂ ਨੂੰ ਮੰਡੀ ਜ਼ਿਲ੍ਹੇ ਦੇ ਕਾਰਸੋਗ ਖੇਤਰ ਵਿੱਚ ਜਾਣਾ ਸੀ ਤੇ ਉਨ੍ਹਾਂ ਨੂੰ ਜਾਣ ਦਿੱਤਾ ਜਾਵੇ ਪਰ ਐਸਪੀ ਬਿਲਾਸਪੁਰ ਦੀਵਾਕਰ ਸ਼ਰਮਾ ਨੇ ਉਨ੍ਹਾਂ ਨੂੰ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਸਪੱਸ਼ਟ ਤੌਰ ‘ਤੇ ਇਨਕਾਰ ਕਰ ਦਿੱਤਾ ਕਿ ਉਸ ਨੂੰ ਕਿਸੇ ਵੀ ਸਥਿਤੀ ਵਿੱਚ ਹਿਮਾਚਲ ਸਰਹੱਦ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਸਕਦਾ।

ਹੁਣ ਚਰਚਾ ਹੈ ਕਿ ਸ਼ਾਇਦ ਸੈਣੀ ਨੂੰ ਕੇਸ ਦਰਜ ਹੋਣ ਬਾਰੇ ਪਤਾ ਸੀ। ਉਨ੍ਹਾਂ ਨੂੰ ਗ੍ਰਿਫਤਾਰੀ ਦਾ ਖਤਰਾ ਸੀ। ਇਸ ਲਈ ਉਹ ਹਿਮਾਚਲ ਜਾਣਾ ਚਾਹੁੰਦੇ ਸੀ। ਇਹ ਵੀ ਚਰਚਾ ਹੈ ਕਿ ਇਸ ਵੇਲੇ ਸੈਣੀ ਦਿੱਲੀ ਹਨ।

NO COMMENTS