*20 ਸਤੰਬਰ ਨੂੰ ਜ਼ਿਲ੍ਹੇ ਭਰ ਦੇ ਕਿਸਾਨਾਂ ਵੱਲੋਂ ਕੁਲਰੀਆਂ ਪੁੱਜਣ ਦਾ ਐਲਾਨ* 

0
17

ਮਾਨਸਾ 11 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਜਿਲਾ ਮਾਨਸਾ ਦੀ ਵਧਵੀਂ ਮੀਟਿੰਗ ਗੁਰਦੁਆਰਾ ਸਾਹਿਬ ਭਾਈ ਬਹਿਲੋ ਪਿੰਡ ਫਫੜੇ ਭਾਈਕੇ ਵਿਖੇ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਪ੍ਰਧਾਨਗੀ ਹੇਠ ਕੀਤੀ ਗਈ । ਜਿਸ ਵਿੱਚ ਜਿਲ੍ਹਾ ਕਮੇਟੀ ਤੋਂ ਇਲਾਵਾ ਬਲਾਕ ਅਤੇ ਪਿੰਡ ਪੱਧਰੇ ਆਗੂ ‘ਤੇ ਵਰਕਰ ਸ਼ਾਮਿਲ ਹੋਏ ।

                     ਭਖਦੇ ਕਿਸਾਨੀ ਮਸਲਿਆਂ ਦੇ ਨਾਲ-ਨਾਲ “ਜਮੀਨ ਬਚਾਓ ਮੋਰਚੇ” ਤਹਿਤ ਸੂਬਾ ਕਮੇਟੀ ਦੇ ਸੱਦੇ ‘ਤੇ 20 ਸਤੰਬਰ ਤੋਂ ਪਿੰਡ ਕੂਲਰੀਆਂ ਦੇ ਆਬਾਦਕਾਰ ਕਿਸਾਨਾਂ ਦੇ ਨੂੰ ਇਨਸਾਫ ਦਵਾਉਣ ਲਈ ਪੜਾਵਾਰ ਸ਼ੁਰੂ ਕੀਤੇ ਜਾ ਰਹੇ ਸੰਘਰਸ਼ ਪ੍ਰੋਗਰਾਮ ਵਿੱਚ ਜਿਲੇ ਭਰ ਵਿੱਚੋਂ ਵੱਧ ਚੜ ਕੇ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ । ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਦਲਾਅ ਦੇ ਨਾਂ ‘ਤੇ ਬਣੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਹਮਲੇ ਕਰਕੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ । ਪਿੰਡ ਕੁੱਲਰੀਆਂ ਵਿੱਚ 1967 ਤੋਂ ਲੈ ਕੇ ਜੁਮਲਾ ਮਸਤਰਕਾ ਮਾਲਕਾਨ ਖਾਤੇ ਦੀ ਜ਼ਮੀਨ ਜੋ ਕਿ ਚੱਕਬੰਦੀ ਵਿਭਾਗ ਵੱਲੋਂ ਕਿਸਾਨਾਂ ਨੂੰ ਅਲਾਟ ਕਰਕੇ ਸੰਭਾਲੀ ਗਈ ਸੀ, ਉਸੇ ਸਮੇਂ ਤੋਂ ਕਈ ਦਰਜਨਾਂ ਪਰਿਵਾਰ ਇਸ ਜਮੀਨ ਨੂੰ ਕਾਸ਼ਤ ਕਰਦੇ ਆ ਰਹੇ ਹਨ । ਮਾਲ ਰਿਕਾਰਡ ਮਾਲ ਵਿੱਚ ਵੀ ਕਬਜ਼ਾ ਕਾਸ਼ਤਕਾਰ ਕਿਸਾਨਾਂ ਦਾ ਹੈ ਪ੍ਰੰਤੂ ਹਲਕਾ ਵਿਧਾਇਕ ਅਤੇ ਰਾਜਨੀਤਿਕ ਸ਼ਹਿ ‘ਤੇ ਪਿੰਡ ਦੇ ਸਾਬਕਾ ਸਰਪੰਚ ਰਾਜਵੀਰ ਰਾਜੂ ਅਤੇ ਉਸਦੀ ਢਾਣੀ ਵੱਲੋਂ ਜਿੱਥੇ ਕਿਸਾਨਾਂ ਦੀ ਜ਼ਮੀਨ ਹਥਿਆਉਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ, ਉੱਥੇ ਕਿਸਾਨਾਂ ‘ਤੇ ਹਮਲੇ ਕਰਕੇ ਗੰਭੀਰ ਜਖਮੀ ਕੀਤੇ ਗਏ ਕਿਸਾਨ ਸੀਤਾ ਸਿੰਘ ਤੇ ਜਾਨੋ ਮਾਰਨ ਦੀ ਨੀਅਤ ਨਾਲ ਗੱਡੀ ਚੜਾ ਕੇ ਉਸ ਨੂੰ ਅਪਾਹਜ ਕਰ ਦਿੱਤਾ ਗਿਆ ਹੈ । ਪ੍ਰੰਤੂ ਪੁਲਿਸ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ । ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਜਮੀਨ ਦੇ ਮਾਲਕੀ ਹੱਕ ਬਹਾਲ ਕਰਾਉਣ ਲਈ ਇਸ ਮੋਰਚੇ ਨੂੰ ਅੰਤਿਮ ਜਿੱਤ ਤੱਕ ਲੜਿਆ ਜਾਵੇਗਾ । 

                       ਦੂਸਰੇ ਮਸਲੇ ‘ਤੇ ਵਿਚਾਰ ਕਰਦਿਆਂ ਪਿਛਲੇ ਸਾਲ ਦੀ ਤਰ੍ਹਾਂ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਵੀ ਕਿਸਾਨਾਂ ਦੀ ਪਰਾਲੀ ਦੇ ਨਿਪਟਾਰੇ ਦਾ ਵੱਡਾ ਮਸਲਾ ਖੜਾ ਹੈ । ਜਿਸ ਪ੍ਰਤੀ ਸਰਕਾਰ ਦੀ ਪਹੁੰਚ ਨਕਾਰਾਤਮਕ ਹੈ ਅਤੇ ਪਿਛਲੇ ਸਾਲ ਦੀਆਂ ਘਟਨਾਵਾਂ ਤਹਿਤ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਦੀ ਫਰਦ ਵਿੱਚ ਜੁਰਮਾਨੇ ਪਾ ਕੇ ਐਂਟਰੀਆਂ ਕੀਤੀਆਂ ਗਈਆਂ ਹਨ । ਜਿਸ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ । ਜੇ ਸਰਕਾਰ ਅਜਿਹੇ ਹੱਥ ਕੰਡੇ ਵਰਤ ਕੇ ਕਿਸਾਨਾਂ ਖਿਲਾਫ ਫੈਸਲੇ ਲਵੇਗੀ ਤਾਂ ਫੈਸਲਿਆਂ ਖ਼ਿਲਾਫ਼ ਜੋਰਦਾਰ ਸੰਘਰਸ਼ ਕੀਤਾ ਜਾਵੇਗਾ । ਆਗੂਆਂ ਨੇ ਕਿਹਾ ਕਿ ਆਉਣ ਵਾਲੇ ਹਾੜੀ ਦੇ ਸੀਜਨ ਵਿੱਚ ਕਣਕ ਦੀ ਬਿਜਾਈ ਲਈ ਲੋੜੀਂਦੀ ਮਾਤਰਾ ਵਿੱਚ ਡੀਏਪੀ ਖਾਦ ਕਿਸਾਨਾਂ ਨੂੰ ਮਿਲਣ ਵਿੱਚ ਦਿੱਕਤਾਂ ਸ਼ੁਰੂ ਹੋ ਗਈਆਂ ਹਨ । ਦੁਕਾਨਾਂ ਅਤੇ ਡੀਲਰਾਂ ਪਾਸ ਖਾਦ ਦਾ ਕੋਈ ਸਟਾਕ ਮੌਜੂਦ ਨਾ ਹੋਣ ਕਾਰਨ ਕਿਸਾਨ ਡੂੰਘੀ ਚਿੰਤਾ ਵਿੱਚ ਹਨ । ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਲੋੜੀਂਦੀ ਮਾਤਰਾ ਵਿੱਚ ਡੀਏਪੀ ਸਟਾਕ ਤੁਰੰਤ ਮੰਗਵਾ ਕੇ ਕਿਸਾਨਾਂ ਨੂੰ ਉਪਲਬਧ ਕਰਾਇਆ ਜਾਵੇ । ਮੀਟਿੰਗ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਹਾਲ ਹੀ ਵਿੱਚ ਡੀਜ਼ਲ-ਪੈਟਰੋਲ ਤੇ ਵਧਾਏ ਗਏ ਬੈਟ ਕਾਰਨ ਜੋ ਕੀਮਤਾਂ ਵਿੱਚ ਵਾਧੇ ਅਤੇ ਘਰੇਲੂ ਯੂਨਿਟ ਦੇ 3 ਰੁਪਏ ਸਬਸਿਟੀ ਉੱਤੇ ਲਾਏ ਕੱਟ ਨੂੰ ਲੋਕ ਵਿਰੋਧੀ ਦੱਸਦਿਆਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ । ਇਸ ਤੋਂ ਇਲਾਵਾ ਆਗੂਆਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਸੈਲਰਾਂ ਮਾਲਕ, ਜੋ ਹੜਤਾਲ ਦੀਆਂ ਚੇਤਾਵਨੀਆਂ ਦੇ ਰਹੇ ਹਨ ਪ੍ਰੰਤੂ ਸਰਕਾਰ ‘ਤੇ ਕੋਈ ਅਸਰ ਨਹੀਂ ਹੋ ਰਿਹਾ । ਜਿਸ ਦਾ ਸਿੱਟਾ ਝੋਨੇ ਦੀ ਖਰੀਦ ਵਿੱਚ ਕਿਸਾਨਾਂ ਦੀ ਖੱਜਲ ਖੁਆਰੀ ਵਿੱਚ ਨਿਕਲ ਸਕਦਾ ਹੈ । ਸਰਕਾਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਸੈਲਰ ਮਾਲਕਾਂ ਦਾ ਮਸਲਾ ਤੁਰੰਤ ਹੱਲ ਕਰਵਾ ਕੇ ਆਉਣ ਵਾਲੇ ਸੀਜਨ ਵਿੱਚ ਝੋਨੇ ਦੀ ਸਰਕਾਰੀ ਖਰੀਦ ਨੂੰ ਯਕੀਨੀ ਬਣਾਵੇ । 

                        ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ, ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਘੜਿਆਲ, ਬਲਵਿੰਦਰ ਸ਼ਰਮਾਂ, ਹਰਬੰਸ ਸਿੰਘ ਟਾਂਡੀਆਂ, ਗੁਰਚਰਨ ਸਿੰਘ ਅਲੀਸ਼ੇਰ, ਜਗਦੇਵ ਸਿੰਘ ਕੋਟਲੀ, ਬਲਦੇਵ ਸਿੰਘ ਪਿੱਪਲੀਆਂ, ਬਲਜੀਤ ਸਿੰਘ ਭੈਣੀ, ਕਾਲਾ ਸਿੰਘ ਅਕਲੀਆ ਆਦਿ ਮੌਜੂਦ ਰਹੇ । 

NO COMMENTS