2.33 ਕਰੋੜ ਵਾਲੇ ਜਲ ਸਪਲਾਈ ਅਤੇ ਸੀਵਰੇਜ਼ ਪ੍ਰੋਜੈਕਟ ਦੇ ਆਗਾਜ਼ ਤੋਂ ਭੀਖੀ ਨਿਵਾਸੀ ਬਾਗ਼ੋਬਾਗ

0
31

ਭੀਖੀ, 4 ਫਰਵਰੀ(ਸਾਰਾ ਯਹਾਂ /ਮੁੱਖ ਸੰਪਾਦਕ): ਪੰਜਾਬ ਸਰਕਾਰ ਵੱਲੋਂ ਭੀਖੀ ਸ਼ਹਿਰ ਦੇ ਵਿਕਾਸ ਵੱਲ ਇੱਕ ਹੋਰ ਅਹਿਮ ਕਦਮ ਪੁੱਟਦਿਆਂ 2.33 ਕਰੋੜ ਦੀ ਲਾਗਤ ਵਾਲੇ ਜਲ ਸਪਲਾਈ ਅਤੇ ਸੀਵਰੇਜ਼ ਪ੍ਰੋਜੈਕਟ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਭੀਖੀ ਸ਼ਹਿਰ ਦੇ ਕਰੀਬ ਉਨ੍ਹਾਂ 5 ਹਜ਼ਾਰ ਨਾਗਰਿਕਾਂ ਨੂੰ ਸਿੱਧੇ ਤੌਰ ਉੱਤੇ ਲਾਭ ਹੋਵੇਗਾ ਜੋ ਕਿ ਨਗਰ ਪੰਚਾਇਤ ਦੀ ਹੱਦ ਅੰਦਰ ਸਥਿਤ ਨਵੀਆਂ ਕਲੋਨੀਆਂ ਵਿਚ ਵਸੇ ਹੋਣ ਕਾਰਨ ਇਨ੍ਹਾਂ ਸੁਵਿਧਾਵਾਂ ਤੋਂ ਵਾਂਝੇ ਸਨ। ਵਿਧਾਇਕ ਮਾਨਸਾ ਸ. ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਰਸਮੀ ਤੌਰ ਉੱਤੇ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਭੀਖੀ ਅੰਦਰ ਸੀਵਰੇਜ ਵਿਵਸਥਾ ਉਪਲਬਧ ਹੈ ਅਤੇ ਜਿਹੜੇ ਹਿੱਸਿਆਂ ਵਿੱਚ ਸੀਵਰੇਜ ਦੀ ਅਣਹੋਂਦ ਸੀ ਉਨ੍ਹਾਂ ਹਿੱਸਿਆਂ ਨੂੰ ਇਸ ਪ੍ਰੋਜੈਕਟ ਤਹਿਤ ਕਵਰ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਾਫ਼ ਸੁਥਰਾ ਪੀਣ ਵਾਲਾ ਪਾਣੀ ਅਤੇ ਸੀਵਰੇਜ ਵਿਵਸਥਾ ਉਪਲਬਧ ਹੋਣ ਨਾਲ ਲੋਕ ਵੱਡੀ ਰਾਹਤ ਮਹਿਸੂਸ ਕਰਨਗੇ ਕਿਉਂਕਿ ਕੁਝ ਹਿੱਸਿਆਂ ਵਿੱਚ ਪਾਣੀ ਦਾ ਪ੍ਰੈਸ਼ਰ ਘੱਟ ਹੋਣ ਕਾਰਨ ਲੋਕਾਂ ਨੂੰ ਮੁਸ਼ਕਲ ਪੇਸ਼ ਆਉਂਦੀ ਸੀ।ਸ਼ਹਿਰ ਦੇ ਵਾਰਡ ਨੰਬਰ 6 ਵਿਖੇ ਨੀਂਹ ਪੱਥਰ ਰੱਖਣ ਉਪਰੰਤ ਵਿਧਾਇਕ ਨੇ ਦੱਸਿਆ ਕਿ ਇਹ ਪ੍ਰੋਜੈਕਟ 6 ਮਹੀਨਿਆਂ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ।ਪ੍ਰੋਜੈਕਟ ਦੇ ਆਗਾਜ਼ ਤੋਂ ਉਤਸ਼ਾਹਿਤ ਭੀਖੀ ਦੇ ਨਿਵਾਸੀਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹਰੇਕ ਵਰਗ ਦੇ ਲੋਕਾਂ ਨੂੰ ਸਮੇਂ ਸਮੇਂ ਉਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।  ਨਗਰ ਪੰਚਾਇਤ ਭੀਖੀ ਦੇ ਪ੍ਰਧਾਨ ਸ਼੍ਰੀ ਵਿਨੋਦ ਸਿੰਗਲਾ ਨੇ ਕਿਹਾ ਕਿ ਹਜ਼ਾਰਾਂ ਨਿਵਾਸੀ ਨੇੜ ਭਵਿੱਖ ਵਿੱਚ ਇਨ੍ਹਾਂ ਸੁਵਿਧਾਵਾਂ ਦਾ ਲਾਭ ਲੈਣ ਦੇ ਸਮਰੱਥ ਬਣ ਜਾਣਗੇ। ਇਸ ਮੌਕੇਐਕਸੀਅਨ ਸ਼੍ਰੀ ਐਸ.ਐਸ ਢਿੱਲੋਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 2.5 ਕਿਲੋਮੀਟਰ ਲੰਬੀ ਸੀਵਰੇਜ ਲਾਈਨ ਅਤੇ 4.5 ਕਿਲੋਮੀਟਰ ਜਲ ਸਪਲਾਈ ਲਾਈਨ ਪਾਈ ਜਾਵੇਗੀ।

NO COMMENTS