*1500 ਕਰੋੜ ਰੁਪਏ ਦੀ ਲਾਗਤ ਨਾਲ 4 ਮੈਡੀਕਲ ਕਾਲਜ ਸਥਾਪਤ ਕੀਤੇ ਜਾਣਗੇ*

0
129

ਚੰਡੀਗੜ੍ਹ/ਐਸ.ਏ.ਐਸ. ਨਗਰ, 9 ਜੂਨ  (ਸਾਰਾ ਯਹਾਂ/ਮੁੱਖ ਸੰਪਾਦਕ): ਸੂਬੇ ਵਿੱਚ ਮੁਹਾਲੀ, ਹੁਸ਼ਿਆਰਪੁਰ, ਕਪੂਰਥਲਾ ਅਤੇ ਮਾਲੇਰਕੋਟਲਾ ਵਿਖੇ 1500 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਨਵੇਂ ਸਰਕਾਰੀ ਮੈਡੀਕਲ ਕਾਲਜਾਂ ਦੀ ਸਥਾਪਨਾ ਕੀਤੀ ਜਾਵੇਗੀ ਜਿਸ ਨਾਲ ਸੂਬੇ ਵਿਚ ਮੈਡੀਕਲ ਸਿੱਖਿਆ ਨੂੰ ਵੱਡਾ ਹੁਲਾਰਾ ਮਿਲੇਗਾ। ਇਹ ਜਾਣਕਾਰੀ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਦਿੱਤੀ।
ਡਾ. ਬੀ.ਆਰ. ਅੰਬੇਦਕਰ ਸਟੇਟ ਮੈਡੀਕਲ ਸਾਇੰਸਜ਼ (ਏ.ਆਈ.ਐੱਮ.ਐੱਸ.) ਐਸ.ਏ.ਐੱਸ. ਨਗਰ ਦੀ ਚਾਰ ਦੀਵਾਰੀ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡੀਕਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਡਾਕਟਰਾਂ ਦੀ ਕੋਈ ਘਾਟ ਨਹੀਂ ਆਵੇਗੀ ਕਿਉਂਕਿ ਬਹੁਤ ਜਲਦ ਇਹਨਾਂ ਨਵੇਂ ਤਿਆਰ ਕੀਤੇ ਜਾਣ ਵਾਲੇ ਸਰਕਾਰੀ ਮੈਡੀਕਲ ਕਾਲਜਾਂ ਵਿਚੋਂ ਹਰ ਸਾਲ 500 ਦੇ ਕਰੀਬ ਡਾਕਟਰ ਆਪਣੀ ਪੜ੍ਹਾਈ ਪੂਰੀ ਕਰਕੇ ਪਾਸ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਮੈਡੀਕਲ ਕਾਲਜਾਂ (ਦੋਵੇਂ ਪ੍ਰਾਈਵੇਟ ਅਤੇ ਸਰਕਾਰੀ) ਵਿਚ 1400 ਦੇ ਕਰੀਬ ਐਮਬੀਬੀਐਸ ਸੀਟਾਂ ਹਨ ਜਿਹਨਾਂ ਵਿੱਚ ਇਨ੍ਹਾਂ 4 ਮੈਡੀਕਲ ਕਾਲਜਾਂ ਦੇ ਖੁੱਲ੍ਹਣ ਨਾਲ 500 ਸੀਟਾਂ ਦਾ ਹੋਰ ਵਾਧਾ ਹੋ ਜਾਵੇਗਾ। ਉਹਨਾਂ ਕਿਹਾ ਕਿ ਸਾਰੇ ਕਾਲਜਾਂ ਲਈ ਜ਼ਮੀਨ ਉਪਲੱਬਧ ਕਰ ਦਿੱਤੀ ਗਈ ਹੈ ਪਰ ਏਆਈਐਮਐਸ ਮੁਹਾਲੀ ਦੇ ਪਹਿਲਾਂ ਚਾਲੂ ਹੋਣ ਦੀ ਉਮੀਦ ਹੈ ਕਿਉਂਕਿ ਇਥੇ ਪਹਿਲਾਂ ਹੀ 300 ਬੈੱਡਾਂ ਵਾਲਾ ਹਸਪਤਾਲ ਹੈ ਜਿਸ ਨੂੰ ਮੈਡੀਕਲ ਕਾਲਜ ਨਾਲ ਜੋੜਨ ਲਈ ਇਸ ਵਿੱਚ ਕੇਵਲ ਥੋੜਾ ਵਾਧਾ ਕਰਨ ਦੀ ਜ਼ਰੂਰਤ ਹੈ। ਮੰਤਰੀ ਨੇ ਕਿਹਾ ਕਿ ਮੈਡੀਕਲ ਕਾਲਜ ਲਈ 80 ਫ਼ੀਸਦੀ ਫੈਕਲਟੀ ਦੀ ਭਰਤੀ ਕੀਤੀ ਜਾ ਚੁੱਕੀ ਹੈ ਅਤੇ ਪੈਰਾਮੈਡੀਕਲ ਤੇ ਹੋਰ ਸਹਾਇਕ ਸਟਾਫ ਦੀ ਭਰਤੀ ਲਈ ਪ੍ਰਕਿਰਿਆ ਜਾਰੀ ਹੈ। ਐਨਐਮਸੀ ਨਿਰੀਖਣ ਲਈ ਅਪਲਾਈ ਕੀਤਾ ਗਿਆ ਹੈ ਅਤੇ ਅਸੀਂ ਇਸ ਸਾਲ ਐਮਬੀਬੀਐਸ ਦਾ ਪਹਿਲਾ ਬੈਚ ਸ਼ੁਰੂ ਕਰਨ ਦੀ ਉਮੀਦ ਕਰ ਰਹੇ ਹਾਂ। ਉਹਨਾਂ ਅੱਗੇ ਕਿਹਾ ਕਿ ਮੈਡੀਕਲ ਕਾਲਜ ਦੀ ਇਮਾਰਤ ਵਿਚ ਇਕ ਅਕਾਦਮਿਕ ਬਲਾਕ, ਚਾਰ ਲੈਕਚਰ ਥੀਏਟਰ, ਲੈਬ, ਲੜਕੀਆਂ/ਲੜਕਿਆਂ ਲਈ ਹੋਸਟਲ, ਫੈਕਲਟੀ ਰਿਹਾਇਸ਼, ਲਾਇਬ੍ਰੇਰੀ, ਆਡੀਟੋਰੀਅਮ ਦੇ ਨਾਲ-ਨਾਲ ਇਨਡੋਰ ਪਲੇਅ ਏਰੀਆ/ਕਮਿਊਨਿਟੀ ਸੈਂਟਰ ਲਈ ਕਾਫ਼ੀ ਜਗ੍ਹਾ ਹੋਵੇਗੀ। ਇਸ ਤੋਂ ਇਲਾਵਾ, 200 ਬੈੱਡਾਂ ਵਾਲੇ ਨਵੇਂ ਹਸਪਤਾਲ ਬਲਾਕ ਵਿੱਚ ਆਰਥੋ, ਪੀਡਜ਼, ਈ.ਐਨ.ਟੀ., ਡਰਮਾ, ਸਰਜਰੀ ਆਦਿ ਲਈ  ਸਮਰਪਿਤ ਵਾਰਡਾਂ ਵਾਲੀ ਅਤਿ ਆਧੁਨਿਕ ਬਹੁ-ਮੰਜ਼ਲਾ ਬਿਲਡਿੰਗ , ਇਕ ਸਮਰਪਿਤ ਬਲੱਡ ਬੈਂਕ ਅਤੇ ਸੱਤ ਆਪ੍ਰੇਸ਼ਨ ਥੀਏਟਰ ਹੋਣਗੇ। ਮੌਜੂਦਾ ਅਨੁਮਾਨਾਂ ਅਨੁਸਾਰ, ਬੁਨਿਆਦੀ ਢਾਂਚੇ ‘ਤੇ ਲਗਭਗ 325 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਦੋਂਕਿ 50 ਕਰੋੜ ਰੁਪਏ ਉੱਚ ਤਕਨੀਕੀ ਉਪਕਰਣਾਂ ‘ਤੇ ਖਰਚ ਕੀਤੇ ਜਾਣਗੇ। ਸ੍ਰੀ ਸੋਨੀ ਨੇ ਕਿਹਾ ਕਿ ਆਰੰਭਕ ਕੰਮ ਖ਼ਤਮ ਕਰ ਲਏ ਗਏ ਹਨ ਅਤੇ ਮੈਡੀਕਲ ਕਾਲਜ ਤੇ ਹਸਪਤਾਲ ਦੀ ਇਮਾਰਤ ਦੀ ਉਸਾਰੀ ਲਈ ਅਗਲੇ ਪੰਦਰਵਾੜੇ ਵਿਚ ਟੈਂਡਰ ਜਾਰੀ ਕੀਤੇ ਜਾਣਗੇ।


ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਨੇ ਦੱਸਿਆ ਕਿ ਇਸ ਦੌਰਾਨ ਹੁਸ਼ਿਆਰਪੁਰ ਅਤੇ ਕਪੂਰਥਲਾ ਮੈਡੀਕਲ ਕਾਲਜਾਂ ਲਈ ਸਲਾਹਕਾਰਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਡਿਜ਼ਾਈਨ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਮਾਰਤਾਂ ਦੇ ਡਿਜ਼ਾਇਨ ਨੂੰ ਅੰਤਮ ਰੂਪ ਦੇਣ ਤੋਂ ਬਾਅਦ ਉਨ੍ਹਾਂ ਲਈ ਟੈਂਡਰ ਵੀ ਜਾਰੀ ਕਰ ਦਿੱਤੇ ਜਾਣਗੇ।
ਨੀਂਹ ਪੱਥਰ ਸਮਾਰੋਹ ਦੌਰਾਨ ਮੈਡੀਕਲ ਸਿੱਖਿਆ ਮੰਤਰੀ ਦੇ ਨਾਲ ਪਹੁੰਚੇ ਸਿਹਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਮੈਡੀਕਲ ਕਾਲਜ ਨੂੰ 10 ਏਕੜ ਤੋਂ ਵੱਧ ਜ਼ਮੀਨ ਲੀਜ਼ ‘ਤੇ ਦੇਣ ਲਈ ਬਹਿਲੋਲਪੁਰ ਅਤੇ ਜੁਝਾਰਨਗਰ ਪੰਚਾਇਤਾਂ ਦਾ ਧੰਨਵਾਦ ਕੀਤਾ। ਸਿਹਤ ਮੰਤਰੀ ਨੇ ਮੈਡੀਕਲ ਕਾਲਜ ਦੀ ਉਸਾਰੀ ਪ੍ਰਕ੍ਰਿਆ ਨੂੰ ਇਕ ਇਤਿਹਾਸਕ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਤਕਰੀਬਨ ਚਾਰ ਦਹਾਕਿਆਂ ਬਾਅਦ ਸੂਬੇ ਵਿਚ ਇਕ ਨਵਾਂ ਸਰਕਾਰੀ ਮੈਡੀਕਲ ਕਾਲਜ ਸਥਾਪਤ ਹੋ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਪੂਰਥਲਾ, ਹੁਸ਼ਿਆਰਪੁਰ, ਮਾਲੇਰਕੋਟਲਾ ਅਤੇ ਮੁਹਾਲੀ ਵਿਖੇ ਮੈਡੀਕਲ ਕਾਲਜ ਸਥਾਪਤ ਹੋਣ ਨਾਲ ਸੂਬੇ ਵਿੱਚ ਮੈਡੀਕਲ ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਬਿਹਤਰੀ ਲਈ ਬਹੁਤ ਸਹਾਈ ਹੋਵੇਗਾ। ਉਹਨਾਂ ਅੱਗੇ ਕਿਹਾ ਕਿ ਏਆਈਐਮਐਸ ਮੁਹਾਲੀ, ਆਪਣੇ ਆਲੇ ਦੁਆਲੇ ਦੇ ਖੇਤਰ ਦੇ ਵਿਕਾਸ ਵਿੱਚ ਵੀ ਸਹਾਈ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੇ.ਐਸ. ਬੇਦੀ, ਪ੍ਰਮੁੱਖ ਸਕੱਤਰ ਸਿਹਤ ਸ੍ਰੀ ਡੀ.ਕੇ. ਤਿਵਾੜੀ, ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ, ਡੀਆਰਐਮਈ ਡਾ. ਸੁਜਾਤਾ ਵੀ ਮੌਜੂਦ ਸਨ।

NO COMMENTS