*140 ਸਾਲ ਪੁਰਾਣੀ ਹਵੇਲੀ ਸੰਭਾਲ ਰਿਹਾ ਬਰਨਾਲਾ ਦੇ ਪਿੰਡ ਸੁਖਪੁਰਾ ਦਾ ਪਰਿਵਾਰ, ਜਾਣੋ ਕੁੱਝ ਖਾਸ ਗੱਲਾਂ*

0
139

ਬਰਨਾਲਾ 19,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਆਧੁਨਿਕਤਾ ਦੇ ਯੁੱਗ ਵਿੱਚ ਪੰਜਾਬ ਦੇ ਲੋਕ ਆਪਣੇ ਸੱਭਿਆਚਾਰ, ਵਿਰਾਸਤ ਅਤੇ ਪੁਰਾਤਨ ਇਮਾਰਤਾਂ ਤੋਂ ਟੁੱਟਦੇ ਜਾ ਰਹੇ ਹਨ। ਪੱਛਮੀ ਸੱਭਿਆਚਾਰ ਆਉਣ ਨਾਲ ਲੋਕਾਂ ਦੇ ਘਰਾਂ ਦੇ ਮੁਹਾਂਦਰੇ ਵੀ ਬਦਲ ਗਏ ਹਨ। ਪੰਜਾਬ ਦੇ ਲੋਕਾਂ ਵੱਲੋਂ ਆਪਣੇ ਪੁਰਾਤਨ ਘਰਾਂ ਨੂੰ ਢਾਹ ਕੇ ਨਵੇਂ ਕੋਠੀਨੁਮਾ ਘਰ ਬਣਾਏ ਜਾ ਰਹੇ ਹਨ। ਪਰ ਕੁਝ ਲੋਕ ਅਜੇ ਵੀ ਆਪਣੇ ਵਿਰਾਸਤੀ ਘਰਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਚੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੁਖਪੁਰਾ ਦਾ ਵੀ ਇੱਕ ਪਰਿਵਾਰ ਹੈ, ਜੋ ਆਪਣੇ ਪੁਰਖਿਆਂ ਦੀ 140 ਸਾਲ ਪੁਰਾਣੀ ਹਵੇਲੀ ਦੀ ਸੰਭਾਲ ਕਰ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਵੇਲੀ ਦੇ ਮਾਲਕ ਭੁਪਿੰਦਰ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਹਵੇਲੀ ਕਰੀਬ 1881 ਵਿੱਚ ਉਨ੍ਹਾਂ ਦੇ ਪੁਰਖਿਆਂ ਬਿਸ਼ਨ ਸਿੰਘ ਨੰਬਰਦਾਰ ਵੱਲੋਂ ਬਣਾਈ ਗਈ ਸੀ। ਉਨ੍ਹਾਂ ਦੇ ਪਿੰਡ ਸੁਖਪੁਰਾ ਦਾ ਮੁੱਢ ਇਸ ਹਵੇਲੀ ਰਾਹੀਂ ਹੀ ਬੰਨ੍ਹਿਆ ਗਿਆ ਅਤੇ ਸੁਖਪੁਰਾ ਪਿੰਡ ਨੂੰ ਇਸ ਤੋਂ ਪਹਿਲਾਂ ਬਿਸ਼ਨ ਸਿੰਘ ਦੇ ਕੋਠੇ ਹੀ ਆਖਿਆ ਜਾਂਦਾ ਸੀ। ਇਸ ਤੋਂ ਬਾਅਦ ਅੱਗੇ ਪੀੜੀ ਦਰ ਪੀੜੀ ਇਸ ਹਵੇਲੀ ਦੀ ਸੰਭਾਲ ਹੁੰਦੀ ਰਹੀ। ਹੁਣ ਇਸ ਹਵੇਲੀ ਵਿਚ ਉਹ ਆਪਣੇ ਭਰਾ ਤੇ ਯਾਦਵਿੰਦਰ ਸਿੰਘ ਦੇ ਨਾਲ ਪਰਿਵਾਰਾਂ ਸਮੇਤ ਰਹਿ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਹਵੇਲੀ ਵਿਚ ਚੂਨੇ ਦਾ ਮਟੀਰੀਅਲ ਹੀ ਉਸ ਸਮੇਂ ਵਰਤਿਆ ਗਿਆ ਹੈ। ਹਵੇਲੀ ਦੀ ਥੋੜੀ ਬਹੁਤ ਟੁੱਟ ਭੱਜ ਹੋਣ ਕਰਕੇ ਉਸ ਜਗਾ ਤੇ ਉਨ੍ਹਾਂ ਵੱਲੋਂ ਸੰਭਾਲ ਲਈ ਸੀਮੈਂਟ ਲਗਾਇਆ ਗਿਆ ਹੈ। ਹਵੇਲੀ ਦੀਆਂ ਛੱਤਾਂ ਵਿੱਚ ਕਿਸੇ ਕਿਸਮ ਦੀ ਲੱਕੜ ਨਹੀਂ ਵਰਤੀ ਗਈ, ਜਦਕਿ ਸਾਰੀਆਂ ਛੱਤਾਂ ਲੋਹੇ ਦੇ ਮਜ਼ਬੂਤ ਗਾਡਰਾਂ ‘ਤੇ ਟਿੱਕੀਆਂ ਹੋਈਆਂ ਹਨ। ਮਜ਼ਬੂਤ ਗਾਡਰ ਹਵੇਲੀ ਦੇ ਮੁੱਖ ਛੱਤ ‘ਤੇ ਹੈ, ਉਸ ਨੂੰ ਉਨ੍ਹਾਂ ਦੇ ਪੁਰਖਿਆਂ ਵੱਲੋਂ ਤਿੰਨ ਗੱਡਿਆਂ ‘ਤੇ ਲੱਦ ਕੇ ਲਿਆਂਦਾ ਗਿਆ ਸੀ। ਹਵੇਲੀ ਦੇ ਮੁੱਖ ਦਰਵਾਜੇ ਦੀ ਅਜੋਕੇ ਹਾਲਤ ਵਿਚ ਕਾਰੀਗਰਾਂ ਅਨੁਸਾਰ ਦੋ ਲੱਖ ਦੇ ਕਰੀਬ ਕੀਮਤ ਬਣਦੀ ਹੈ।

ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖਿਆਂ ਵੱਲੋਂ ਇਸ ਹਵੇਲੀ ਨੂੰ ਬਹੁਤ ਪਿਆਰ ਨਾਲ ਸੰਭਾਲਿਆ ਗਿਆ ਹੈ। ਕੁਝ ਸਾਲ ਪਹਿਲਾਂ ਉਨ੍ਹਾਂ ਦੀ ਨੌਜਵਾਨ ਪੀੜੀ ਵੱਲੋਂ ਇਸ ਹਵੇਲੀ ਨੂੰ ਢਾਹ ਕੇ ਨਵ ਕੋਠੀ ਪਾਉਣ ਲਈ ਇਰਾਦਾ ਬਣਾਇਆ ਗਿਆ ਸੀ, ਜੋ ਉਨ੍ਹਾਂ ਨੇ ਆਪਣੇ ਦੋਸਤਾਂ ਮਿੱਤਰਾਂ ਦੀ ਸਲਾਹ ਤੇ ਬਦਲ ਲਿਆ। ਹੁਣ ਉਨ੍ਹਾਂ ਦੀ ਨੌਜਵਾਨ ਪੀੜੀ ਇਸ ਹਵੇਲੀ ਨੂੰ ਸੰਭਾਲਣ ਵਿੱਚ ਉਨ੍ਹਾਂ ਦਾ ਸਾਥ ਦੇ ਰਹੀ ਹੈ।

ਗੀਤਾਂ ਅਤੇ ਫਿਲਮਾਂ ਦੇ ਫਿਲਮਾਂਕਣ ਲਈ ਪਹੁੰਚਦਿਆਂ ਹਨ ਕਲਾਕਾਰਾਂ ਦੀਆਂ ਟੀਮਾਂ: ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਹਵੇਲੀ ਵਿਚ ਮੌਜੂਦਾ ਸਮੇਂ ਵੱਖ-ਵੱਖ ਪੰਜਾਬੀ ਗੀਤਾਂ ਅਤੇ ਲਘੂ ਫਿਲਮਾਂ ਦੇ ਫਿਲਮਾਂਕਣ ਲਈ ਕਲਾਕਾਰਾਂ ਦੀਆਂ ਟੀਮਾਂ ਪਹੁੰਚਦਿਆਂ ਰਹੀਆਂ ਹਨ। ਕੁਝ ਛੋਟੀਆਂ ਫ਼ਿਲਮਾਂ ਅਤੇ ਗੀਤਾਂ ਦੀ ਸ਼ੂਟਿੰਗ ਇਸ ਹਵੇਲੀ ਵਿਚ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਹਵੇਲੀ ਦੇ ਨਕਸ਼ੇ ਨਾਲ ਉਨ੍ਹਾਂ ਵੱਲੋਂ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ। ਸਿਰਫ ਹਵੇਲੀ ਦੇ ਟੁੱਟ-ਭੱਜੇ ਹਿੱਸੇ ਨੂੰ ਸੰਭਾਲਣ ਲਈ ਉਨ੍ਹਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਜਦੋਂ ਤਕ ਉਨ੍ਹਾਂ ਦੇ ਸਰੀਰ ਵਿੱਚ ਜਾਨ ਹੈ ਉਹ ਇਸ ਹਵੇਲੀ ਨੂੰ ਇਸੇ ਤਰਾਂ ਆਪਣੇ ਪੁਰਖਿਆਂ ਦੀ ਵਿਰਾਸਤ ਵਜੋਂ ਸੰਭਾਲ ਕੇ ਰੱਖਣਗੇ।

NO COMMENTS