*14 ਤੋਂ 20 ਸਤੰਬਰ ਤੱਕ ਹੋਣਗੇ ਜ਼ਿਲ੍ਹਾ ਪੱਧਰੀ ਮੁਕਾਬਲੇ- ਵਧੀਕ ਡਿਪਟੀ ਕਮਿਸ਼ਨਰ*

0
31

ਮਾਨਸਾ, 11 ਸਤੰਬਰ :  (ਸਾਰਾ ਯਹਾਂ/ਮੁੱਖ ਸੰਪਾਦਕ)
ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਖੇਡ ਸੱਭਿਆਚਾਰ ਪ੍ਰਫੁੱਲਤ ਕਰਨ ਲਈ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਸ਼ੁਰੂ ਕੀਤੀਆਂ ਗਈਆਂ ’ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-3 ਤਹਿਤ ਕਰਵਾਏ ਗਏ ਬਲਾਕ ਪੱਧਰੀ ਮੁਕਾਬਲਿਆਂ ਉਪਰੰਤ ਹੁਣ ਬਹੁੰਮਤਵੀ ਖੇਡ ਸਟੇਡੀਅਮ ਮਾਨਸਾ ਵਿਖੇ 14 ਤੋਂ 20 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਆਕਾਸ਼ ਬਾਂਸਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਇੱਕ ਅਹਿਮ ਮੀਟਿੰਗ ਦੌਰਾਨ ਦਿੱਤੀ।
ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਸਬੰਧੀ ਸਮਾਂ ਰਹਿੰਦਿਆਂ ਹੀ ਅਗੇਤੇ ਪ੍ਰਬੰਧ ਮੁਕੰਮਲ ਕਰ ਲੈਣ, ਤਾਂ ਜੋ ਮੁਕਾਬਲਿਆਂ ਦੌਰਾਨ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਮੁਕਾਬਲਿਆਂ ਵਾਲੀਆਂ ਥਾਵਾਂ ’ਤੇ ਸਾਫ਼-ਸਫ਼ਾਈ, ਪੀਣ ਵਾਲੇ ਸਾਫ਼ ਪਾਣੀ ਅਤੇ ਹੋਰ ਜ਼ਰੂਰੀ ਪ੍ਰਬੰਧ ਮੁਕੰਮਲ ਕਰਨੇ ਯਕੀਨੀ ਬਣਾਉਣ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਦੇ 22 ਤਰ੍ਹਾਂ ਦੀਆਂ ਖੇਡਾਂ ਜਿਨ੍ਹਾਂ ਵਿੱਚ ਐਥਲੈਟਿਕਸ, ਫੁੱਟਬਾਲ, ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ, ਖੋ-ਖੋ, ਕਬੱਡੀ ਨੈਸ਼ਨਲ, ਕਬੱਡੀ ਸਰਕਲ, ਬੈਡਮਿੰਟਨ, ਚੈੱਸ, ਗੱਤਕਾ, ਕਿੱਕ ਬਾਕਸਿੰਗ, ਨੈੱਟਬਾਲ, ਹੈਂਡਬਾਲ, ਬਾਸਕਿਟਬਾਲ, ਟੇਬਲ ਟੈਨਿਸ, ਹਾਕੀ, ਬਾਕਸਿੰਗ, ਜੁਡੋ, ਕੁਸ਼ਤੀ, ਵੇਟ ਲਿਫ਼ਟਿੰਗ, ਪਾਵਰ ਲਿਫ਼ਟਿੰਗ ਅਤੇ ਸਾਫ਼ਟਬਾਲ ਸ਼ਾਮਿਲ ਹਨ, ਦੇ ਮੁਕਾਬਲੇ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ www.eservice.punjab.gov.in ’ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਇਸ ਮੌਕੇ ਐਸ.ਪੀ. ਜਸਕੀਰਤ ਸਿੰਘ, ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਰਘਬੀਰ ਸਿੰਘ ਮਾਨ, ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਤੋਂ ਇਲਾਵਾ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

NO COMMENTS