ਮਾਨਸਾ, 17 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ) : 15 ਮਾਰਚ ਤੋਂ 14 ਜੂਨ 2023 ਤੱਕ ਆਧਾਰ ਵਿੱਚ ਪਛਾਣ ਦੇ ਸਬੂਤ ਅਤੇ ਪਤੇ ਦੇ ਸਬੂਤ ਨੂੰ ਆਨਲਾਈਨ ਅਪਡੇਟ ਕਰਨ ਲਈ ਨਾਗਰਿਕਾਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੰਨ੍ਹਾਂ ਵਸਨੀਕਾਂ ਨੇ ਪਿਛਲੇ 8 ਤੋਂ 10 ਸਾਲਾਂ ਵਿੱਚ ਆਪਣਾ ਆਧਾਰ ਅਪਡੇਟ ਨਹੀਂ ਕੀਤਾ ਹੈ, ਉਨ੍ਹਾਂ ਨੂੰ ਆਪਣੀ ਪਛਾਣ ਦਾ ਸਬੂਤ ਅਤੇ ਪਤੇ ਦੇ ਸਬੂਤ ਦਸਤਾਵੇਜ ਅਪਲੋਡ ਕਰਨ ਦੀ ਲੋੜ ਹੈ। ਕਿਸੇ ਵੀ ਆਧਾਰ ਐਨਰੋਲਮੈਂਟ ਸੈਂਟਰ ਜਾਂ ਸੇਵਾ ਕੇਂਦਰ ’ਤੇ ਇਸ ਸੇਵਾ ਦਾ ਲਾਭ ਲੈਣ ਲਈ ਯੂ.ਆਈ.ਡੀ.ਏ.ਆਈ. ਦੁਆਰਾ 50/- ਰੁਪਏ ਦੀ ਫੀਸ ਨਿਰਧਾਰਤ ਕੀਤੀ ਗਈ ਹੈ। ਹਾਲਾਂਕਿ ਨਾਗਰਿਕਾਂ ਦੀ ਰਾਹਤ ਲਈ ਯੂ.ਆਈ.ਡੀ.ਏ.ਆਈ. ਨੇ 3 ਮਹੀਨਿਆਂ ਦੀ ਸੀਮਤ ਮਿਆਦ ਲਈ ਆਨਲਾਈਨ ਆਧਾਰ ਦਸਤਾਵੇਜ ਅਪਡੇਟ ਸੇਵਾ ਦੀ ਲਈ ਜਾਂਦੀ ਫੀਸ ਤੋਂ ਛੋਟ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਆਧਾਰ ਆਨਲਾਈਨ ਸੇਵਾਵਾਂ myAadhaar ਪੋਰਟਲ )myaadhaar.uidai.gov.in) ਤੋਂ ਅਤੇ myAadhaar ਐਪ ਰਾਹੀਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਜਿੱਥੇ ਪਛਾਣ ਦੇ ਸਬੂਤ ਅਤੇ ਪਤੇ ਦੇ ਸਬੂਤ ਵਜੋਂ ਸਵੀਕਾਰਯੋਗ ਦਸਤਾਵੇਜਾਂ ਦੀ ਸੂਚੀ ਵੀ ਉਪਲਬਧ ਹੈ।
ਡਿਪਟੀ ਕਮਿਸਨਰ ਸ੍ਰੀਮਤੀ ਬਲਦੀਪ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਉਠਾਉਣ ਅਤੇ ਆਪਣਾ ਆਧਾਰ ਅਪਡੇਟ ਕਰਦੇ ਰਹਿਣ। ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਉਹ ਆਨਲਾਈਨ ਸੇਵਾਵਾਂ ਦਾ ਲਾਭ ਲੈਣ ਲਈ ਆਪਣੇ ਮੋਬਾਈਲ ਨੰਬਰਾਂ ਨੂੰ ਆਧਾਰ ਨਾਲ ਅਪਡੇਟ ਰੱਖਣ।