*12 ਜੁਲਾਈ ਤੋਂ 12 ਅਗਸਤ ਤੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ*

0
11

ਚੰਡੀਗੜ੍ਹ, 8 ਜੁਲਾਈ (ਸਾਰਾ ਯਹਾਂ/ਹਿਤੇਸ਼ ਸ਼ਰਮਾ )

ਪੰਜਾਬ ਸਰਕਾਰ ਸੂਬੇ ਵਿੱਚ ਪੋਸ਼ਣ ਅਭਿਆਨ ਤਹਿਤ ਕੁਪੋਸ਼ਣ ਅਤੇ ਅਨੀਮੀਆ ਦੇ ਖਾਤਮੇ ਲਈ 12 ਜੁਲਾਈ ਤੋਂ 12 ਅਗਸਤ, 2023 ਤੱਕ ਵਿਸ਼ੇਸ਼ ਜਾਗਰੂਕਤਾ ਮਹੀਨਾ ਮਨਾਉਣ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਹੀ ਅਨੀਮੀਆ ਨਾਲ ਲੜਨ ਲਈ ਹਰ ਬੁੱਧਵਾਰ ਨੂੰ ਆਂਗਣਵਾੜੀ ਕੇਂਦਰਾਂ ਵਿਖੇ ਅਨੀਮੀਆ ਦਿਵਸ ਮਨਾਇਆ ਜਾਂਦਾ ਹੈ। ਇਹ ਔਰਤਾਂ, ਕਿਸ਼ੋਰ ਲੜਕੀਆਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਗਰਭਵਤੀ ਔਰਤਾਂ ਵਿੱਚ ਅਨੀਮੀਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ। ਅਨੀਮੀਆ ਦੇ ਖਾਤਮੇ ਲਈ ਸੂਬੇ ਭਰ ਵਿੱਚ 12 ਜੁਲਾਈ ਤੋਂ 12 ਅਗਸਤ, 2023 ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਮੁਹਿੰਮ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ, ਸਿਹਤ ਵਿਭਾਗ ਨਾਲ ਮਿਲ ਕੇ ਪੌਸ਼ਟਿਕ ਪੂਰਕ ਮੁਹੱਈਆ ਕਰਵਾਉਣ ਅਤੇ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਪ੍ਰਣਾਲੀ ਦੀ ਸਮਰੱਥਾ ਨੂੰ ਮਜ਼ਬੂਤ ਕਰਨ ‘ਤੇ ਕੇਂਦਰਿਤ ਹੋਵੇਗੀ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ (ਆਰ.ਬੀ.ਐੱਸ.ਕੇ.) ਦੇ ਸਹਿਯੋਗ ਨਾਲ ਲੋਕਾਂ ਨੂੰ ਅਨੀਮੀਆ ਦੀ ਰੋਕਥਾਮ ਅਤੇ ਇਲਾਜ ਬਾਰੇ ਜਾਗਰੂਕ ਕਰਨ ਲਈ ਨਿਯਮਿਤ ਤੌਰ ‘ਤੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।

ਮੰਤਰੀ ਨੇ ਦੱਸਿਆ ਕਿ ਮੁਹਿੰਮ ਦੌਰਾਨ, ਵਿਭਾਗ ਲੋਕਾਂ ਨੂੰ ਅਨੀਮੀਆ ਦੇ ਲੱਛਣਾਂ, ਕਾਰਨਾਂ, ਨਤੀਜਿਆਂ ਅਤੇ ਸਮੇਂ ਸਿਰ ਡਾਕਟਰੀ ਦੇਖਭਾਲ ਦੀ ਮਹੱਤਤਾ ਅਤੇ ਟੀਚੇ ਬਾਰੇ ਜਾਗਰੂਕ ਕਰਨ ਲਈ ਆਂਗਣਵਾੜੀ ਕੇਂਦਰਾਂ ਅਤੇ ਮੁਹੱਲਾ ਕਲੀਨਿਕਾਂ ਵਿੱਚ ਸਿਹਤ ਕੈਂਪ, ਰੈਲੀਆਂ ਅਤੇ ਹੋਰ ਸਮਾਗਮਾਂ ਦਾ ਆਯੋਜਨ ਕਰੇਗਾ। ਇਸ ਮੁਹਿੰਮ ਦਾ ਉਦੇਸ਼ ਮੌਜੂਦਾ ਵਿੱਤੀ ਸਾਲ ਵਿੱਚ ਅਨੀਮੀਆ ਨੂੰ 2% ਤੱਕ ਘਟਾਉਣਾ ਹੈ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਅਨੀਮੀਆ ਇੱਕ ਅਜਿਹੀ ਸਥਿਤੀ ਹੈ ਜੋ ਖੂਨ ਵਿੱਚ ਲਾਲ ਰਕਤਾਣੂਆਂ ਜਾਂ ਹੀਮੋਗਲੋਬਿਨ ਦੀ ਘਾਟ ਕਾਰਨ ਹੁੰਦੀ ਹੈ, ਜਿਸ ਨਾਲ ਕਮਜ਼ੋਰੀ, ਥਕਾਵਟ ਅਤੇ ਹੋਰ ਸਿਹਤ ਸਬੰਧੀ ਸਮੱਸਿਆਵਾਂ ਹੁੰਦੀਆਂ ਹਨ। ਬੱਚਿਆਂ ਅਤੇ ਔਰਤਾਂ ਵਿੱਚ ਇਹ ਇੱਕ ਜਨਤਕ ਸਿਹਤ ਚਿੰਤਾ ਹੈ, ਕਿਉਂਕਿ ਇਹ ਉਹਨਾਂ ਦੇ ਸਰੀਰਕ ਅਤੇ ਬੋਧਾਤਮਕ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਮਾੜੇ ਵਿਦਿਅਕ ਅਤੇ ਆਰਥਿਕ ਨਤੀਜੇ ਨਿਕਲਦੇ ਹਨ।

ਇਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਨਿਰਦੇਸ਼ਕ ਸ੍ਰੀਮਤੀ ਮਾਧਵੀ ਕਟਾਰੀਆ ਨੇ ਸਮੂਹ ਡਿਪਟੀ ਕਮਿਸ਼ਨਰਾਂ (ਡੀ.ਸੀ.) ਨੂੰ ਪੱਤਰ ਲਿਖ ਕੇ ਮੁਹਿੰਮ ਦੌਰਾਨ ਕੀਤੀਆਂ ਜਾਣ ਵਾਲੀਆਂ ਸੁਝਾਈਆਂ ਗਤੀਵਿਧੀਆਂ ਦੀ ਸੂਚੀ ਵੀ ਦਿੱਤੀ ਹੈ। ਡਿਪਟੀ ਕਮਿਸ਼ਨਰ ਅਨੀਮੀਆ ਦੇ ਖਾਤਮੇ ਲਈ ਮਾਪਿਆਂ, ਅਧਿਆਪਕਾਂ, ਸਿਹਤ ਕਰਮਚਾਰੀਆਂ, ਅਤੇ ਸਮਾਜਿਕ ਆਗੂਆਂ ਸਮੇਤ ਸਾਰੇ ਹਿੱਸੇਦਾਰਾਂ ਦੇ ਮੇਲ ਨੂੰ ਯਕੀਨੀ ਬਣਾਉਣਗੇ।

NO COMMENTS